UK 'ਚ ਵਾਇਰਸ ਦੇ ਨਵੇਂ ਰੂਪ ਦਾ ਖ਼ੌਫ, ਕਈ ਮੁਲਕਾਂ ਵੱਲੋਂ ਉਡਾਣਾਂ 'ਤੇ ਪਾਬੰਦੀ
Sunday, Dec 20, 2020 - 10:26 PM (IST)
ਲੰਡਨ- ਬ੍ਰਿਟੇਨ ਦੀ ਸਰਕਾਰ ਵੱਲੋਂ ਵਾਇਰਸ ਦੇ ਨਵੇਂ ਰੂਪ ਨੂੰ "ਕੰਟਰੋਲ ਤੋਂ ਬਾਹਰ" ਦੱਸੇ ਜਾਣ ਦੇ ਨਾਲ ਹੀ ਯੂਰਪ ਦੇ ਮੁਲਕਾਂ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚਕਾਰ ਬੈਲਜੀਅਮ, ਇਟਲੀ ਅਤੇ ਨੀਦਰਲੈਂਡਜ਼ ਨੇ ਯੂ. ਕੇ. ਤੋਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਹੈ।
ਇੰਨਾ ਹੀ ਨਹੀਂ ਖ਼ਬਰਾਂ ਹਨ ਕਿ ਫਰਾਂਸ ਅਤੇ ਜਰਮਨੀ ਵੀ ਇਹ ਕਦਮ ਚੁੱਕਣ ਦੀ ਤਿਆਰੀ ਵਿਚ ਹਨ। ਕਿਹਾ ਜਾ ਰਿਹਾ ਹੈ ਕਿ ਆਸਟਰੀਆ ਨੇ ਵੀ ਯੂ. ਕੇ. ਦੀਆਂ ਉਡਾਣਾਂ ਆਉਣ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ- ਮਹਿੰਗੀ ਹੋ ਜਾਏਗੀ ਅਮੇਜ਼ ਤੋਂ ਲੈ ਕੇ CR-V, ਜਨਵਰੀ ਤੋਂ ਕੀਮਤਾਂ ਵਧਾਏਗੀ ਹੌਂਡਾ
ਵਾਇਰਸ ਦਾ ਪ੍ਰਕੋਪ ਵਧਣ ਦੇ ਮੱਦੇਨਜ਼ਰ ਬ੍ਰਿਟੇਨ ਵੱਲੋਂ ਨਵੀਂ ਤਾਲਾਬੰਦੀ ਲਾਏ ਜਾਣ ਪਿੱਛੋਂ ਯੂਰਪ ਦੇ ਮੁਲਕਾਂ ਨੇ ਇਹ ਕਦਮ ਚੁੱਕੇ ਹਨ। ਯੂ. ਕੇ. ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਕਿਹਾ ਸੀ ਕਿ ਵਾਇਰਸ ਦੀ ਨਵੀਂ ਪਛਾਣ ਕੀਤੀ ਗਈ ਸਥਿਤੀ “ਕੰਟਰੋਲ ਤੋਂ ਬਾਹਰ” ਹੈ। ਪ੍ਰਧਾਨ ਮੰਤਰੀ ਜੌਹਨਸਨ ਨੇ ਕਿਹਾ, "ਵਾਇਰਸ ਦੇ ਮਾਮਲਿਆਂ ਵਿਚ ਹੋ ਰਿਹਾ ਵਾਧਾ ਇਸ ਦੇ ਨਵੇਂ ਰੂਪ ਕਾਰਨ ਲੱਗਦਾ ਹੈ।"
ਇਹ ਵੀ ਪੜ੍ਹੋ- ਸਰਕਾਰ ਵੱਲੋਂ ਦਰਾਮਦ 'ਚ ਢਿੱਲ ਦੇਣ ਨਾਲ 15-20 ਰੁ: ਕਿਲੋ 'ਤੇ ਆਏ ਗੰਢੇ
ਇਸ ਵਿਚਕਾਰ ਡਬਲਿਊ. ਐੱਚ. ਓ. ਨੇ ਕਿਹਾ ਹੈ ਕਿ ਉਹ ਕੋਵਿਡ-19 ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਯੂ. ਕੇ. ਦੇ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਵਿਚ ਹੈ ਅਤੇ ਵਿਸ਼ਲੇਸ਼ਣ ਤੇ ਚੱਲ ਰਹੇ ਅਧਿਐਨ ਦੇ ਨਤੀਜਿਆਂ ਨੂੰ ਜਨਤਾ ਤੇ ਮੈਂਬਰ ਦੇਸ਼ਾਂ ਨਾਲ ਜਲਦ ਸਾਂਝਾ ਕੀਤਾ ਜਾਵੇਗਾ। ਇਟਲੀ ਦੇ ਵਿਦੇਸ਼ ਮੰਤਰੀ ਲੂਗੀ ਡੀ ਮਾਈਓ ਨੇ ਕਿਹਾ ਕਿ ਯੂ. ਕੇ. ਵੱਲੋਂ ਕੋਵਿਡ ਦੇ ਨਵੇਂ ਰੂਪ ਬਾਰੇ ਖਦਸ਼ਾ ਪੈਦਾ ਕਰਨ ਤੋਂ ਬਾਅਦ ਸਰਕਾਰ ਨੇ ਉਡਾਣਾਂ 'ਤੇ ਪਾਬੰਦੀ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਦੱਸ ਦੇਈਏ ਕਿ ਉਡਾਣਾਂ 'ਤੇ ਪਾਬੰਦੀ ਅਸਥਾਈ ਤੌਰ 'ਤੇ ਲਾਈ ਗਈ ਹੈ। ਨੀਦਰਲੈਂਡਜ਼ ਨੇ ਘੱਟੋ-ਘੱਟ ਇਸ ਸਾਲ ਦੇ ਅੰਤ ਤੱਕ, ਜਦਕਿ ਬੈਲਜੀਅਮ ਨੇ ਅੱਧੀ ਰਾਤ ਤੋਂ 24 ਘੰਟਿਆਂ ਲਈ ਪਾਬੰਦੀ ਲਾਈ ਹੈ।