ਇਸਮਾ ਨੇ ਖੰਡ ਉਤਪਾਦਨ ਦਾ ਅਨੁਮਾਨ ਘਟਾ ਕੇ 3.02 ਕਰੋੜ ਟਨ ਕੀਤਾ
Thursday, Jan 28, 2021 - 11:02 PM (IST)

ਨਵੀਂ ਦਿੱਲੀ- ਖੰਡ ਮਿੱਲ ਉਦਯੋਗ ਨੇ ਖੰਡ ਉਤਪਾਦਨ ਦੇ ਆਪਣੇ ਅਨੁਮਾਨ ਨੂੰ ਮੌਜੂਦਾ ਸੀਜ਼ਨ ਵਿਚ 8 ਲੱਖ ਟਨ ਘਟਾ ਕੇ 3.02 ਕਰੋੜ ਟਨ ਕਰ ਦਿੱਤਾ ਹੈ।
ਮਿੱਲਾਂ ਦੇ ਸੰਗਠਨ ਇਸਮਾ ਨੇ ਵੀਰਵਾਰ ਨੂੰ ਕਿਹਾ ਕਿ 2020-21 ਦੇ ਮਾਰਕੀਟਿੰਗ ਸੀਜ਼ਨ (ਅਕਤੂਬਰ-ਸਤੰਬਰ) ਲਈ ਈਥੇਨੋਲ ਉਤਪਾਦਨ ਲਈ ਲਗਭਗ 20 ਲੱਖ ਟਨ ਗੰਨਾ ਰਸ ਅਤੇ ਬੀ-ਸ਼ੀਰਾ ਦੇ ਇਸਤੇਮਾਲ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਉਤਪਾਦਨ ਦਾ ਅਨੁਮਾਨ ਘੱਟ ਕੀਤਾ ਗਿਆ ਹੈ। ਸੰਸ਼ੋਧਿਤ ਅਨੁਮਾਨ ਵੀ 2019-20 ਵਿਚ ਦੋ ਕਰੋੜ 74.2 ਲੱਖ ਟਨ ਖੰਡ ਦੇ ਉਤਪਾਦਨ ਤੋਂ ਜ਼ਿਆਦਾ ਹੈ।
ਭਾਰਤੀ ਖੰਡ ਮਿੱਲ ਸੰਘ (ਇਸਮਾ) ਨੇ ਆਪਣੇ ਪਹਿਲੇ ਅਨੁਮਾਨ ਵਿਚ ਚਾਲੂ ਸੀਜ਼ਨ ਲਈ ਉਤਪਾਦਨ 3.1 ਕਰੋੜ ਟਨ ਹੋਣ ਦਾ ਅਨੁਮਾਨ ਲਾਇਆ ਸੀ। ਦੂਜੇ ਅਗਾਊਂ ਅਨੁਮਾਨਾਂ ਅਨੁਸਾਰ ਇਸਮਾ ਨੇ ਕਿਹਾ, "ਦੇਸ਼ ਵਿਚ ਸਾਲ 2020-21 ਦੌਰਾਨ 3.02 ਕਰੋੜ ਟਨ ਖੰਡ ਦਾ ਉਤਪਾਦਨ ਹੋਣ ਦੀ ਉਮੀਦ ਹੈ।'' ਇਸਮਾ ਨੇ ਕਿਹਾ ਕਿ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਵਧਾਉਣ 'ਤੇ ਜਲਦ ਫ਼ੈਸਲਾ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਦੇ ਭੁਗਤਾਨ ਕਰਨ ਵਿਚ ਤੇਜ਼ੀ ਆ ਸਕੇ।