ਈਰਾਨ ਜੰਗ ਨੇ ਖੋਲ੍ਹਿਆ ਕਮਾਈ ਦਾ ਨਵਾਂ ਰਾਹ, ਤੇਲ ਅਤੇ ਡਿਫੈਂਸ ਕੰਪਨੀਆਂ ’ਤੇ ਵਰ੍ਹਿਆ ਪੈਸਾ

Tuesday, Sep 01, 2026 - 07:36 AM (IST)

ਈਰਾਨ ਜੰਗ ਨੇ ਖੋਲ੍ਹਿਆ ਕਮਾਈ ਦਾ ਨਵਾਂ ਰਾਹ, ਤੇਲ ਅਤੇ ਡਿਫੈਂਸ ਕੰਪਨੀਆਂ ’ਤੇ ਵਰ੍ਹਿਆ ਪੈਸਾ

ਨਵੀਂ ਦਿੱਲੀ (ਇੰਟ.) : ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਸ਼ੁਰੂ ਕੀਤੀ ਗਈ ਫੌਜੀ ਮੁਹਿੰਮ ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਇਸ ਜੰਗ ਦਾ ਅਸਰ ਹੁਣ ਸਿਰਫ ਮੋਰਚੇ ਤੱਕ ਸੀਮਤ ਨਹੀਂ ਰਿਹਾ। ਕੱਚੇ ਤੇਲ ਤੋਂ ਲੈ ਕੇ ਖੁਰਾਕੀ ਕੀਮਤਾਂ, ਐਵੀਏਸ਼ਨ, ਆਟੋਮੋਬਾਈਲ ਅਤੇ ਸ਼ੇਅਰ ਬਾਜ਼ਾਰ ਤੱਕ ਇਸ ਦੀ ਮਾਰ ਦਿਖਾਈ ਦੇ ਰਹੀ ਹੈ। ਜੰਗ ਨੇ ਜਿੱਥੇ ਕਈ ਉਦਯੋਗਾਂ ਦੀ ਲਾਗਤ ਅਤੇ ਮੁਸ਼ਕਲਾਂ ਵਧਾਈਆਂ ਹਨ, ਉੱਥੇ ਹੀ ਤੇਲ, ਡਿਫੈਂਸ ਅਤੇ ਬੈਂਕਿੰਗ ਵਰਗੇ ਕੁਝ ਸੈਕਟਰਾਂ ਲਈ ਇਹ ਸੰਕਟ ਅਰਬਾਂ ਡਾਲਰ ਦੀ ਕਮਾਈ ਲੈ ਕੇ ਆਇਆ ਹੈ।

ਤੇਲ ਕੰਪਨੀਆਂ ਦੀ ਤਿਜੌਰੀ ਭਰੀ
ਸਟ੍ਰੇਟ ਆਫ ਹੋਰਮੁਜ਼ ਦੇ ਬੰਦ ਹੋਣ ਅਤੇ ਖਾੜੀ ਦੇ ਊਰਜਾ ਟਿਕਾਣਿਆਂ ’ਤੇ ਹਮਲਿਆਂ ਨਾਲ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ ’ਤੇ ਪਹੁੰਚ ਗਈਆਂ। ਇਸ ਦਾ ਸਿੱਧਾ ਫਾਇਦਾ ਵੱਡੀਆਂ ਤੇਲ ਕੰਪਨੀਆਂ ਨੂੰ ਹੋਇਆ। ‘ਅਲ ਜਜ਼ੀਰਾ’ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਕੰਪਨੀ ਐਕਸੋਨਮੋਬਿਲ ਨੇ ਦੂਜੀ ਤਿਮਾਹੀ ਵਿਚ 14.5 ਅਰਬ ਡਾਲਰ ਦਾ ਮੁਨਾਫਾ ਕਮਾਇਆ, ਜਦਕਿ ਸ਼ੇਵਰਾਨ ਦਾ ਤਿਮਾਹੀ ਲਾਭ 12 ਅਰਬ ਡਾਲਰ ਰਿਹਾ। ਫਰਾਂਸ ਦੀ ਟੋਟਲਐਨਰਜੀਜ਼ ਨੇ ਅਪ੍ਰੈਲ-ਜੂਨ ਤਿਮਾਹੀ ਵਿਚ ਲੱਗਭਗ 6 ਅਰਬ ਡਾਲਰ ਕਮਾਏ। ਬ੍ਰਿਟੇਨ ਦੀ ਸ਼ੈੱਲ ਅਤੇ ਬੀ. ਪੀ. ਦੀ ਕਮਾਈ ਵੀ ਪਿਛਲੇ ਸਾਲ ਦੇ ਮੁਕਾਬਲੇ ਦੋਗੁਣੇ ਤੋਂ ਵੱਧ ਰਹੀ। ਸਾਊਦੀ ਅਰਾਮਕੋ ਨੇ 33.4 ਅਰਬ ਡਾਲਰ ਦਾ ਤਿਮਾਹੀ ਮੁਨਾਫਾ ਦਰਜ ਕੀਤਾ, ਜੋ 2025 ਦੀ ਤੁਲਨਾ ਵਿਚ 33 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ : ਸਾਊਦੀ ਤੋਂ ਦਿੱਲੀ ਆ ਰਹੀ Air India ਦੀ ਫਲਾਈਟ 'ਚ ਬੰਬ ਦੀ ਧਮਕੀ, ਅਹਿਮਦਾਬਾਦ 'ਚ ਕਰਵਾਈ ਐਮਰਜੈਂਸੀ ਲੈਂਡਿੰਗ

ਡਿਫੈਂਸ ਕੰਪਨੀਆਂ ਨੂੰ ਵੀ ਜੰਗ ਦਾ ਫਾਇਦਾ
ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਜਵਾਬ ਵਿਚ ਅਮਰੀਕਾ ਅਤੇ ਖਾੜੀ ਦੇਸ਼ਾਂ ਨੇ ਵੱਡੇ ਪੱਧਰ ’ਤੇ ਮਿਜ਼ਾਈਲ ਸੁਰੱਖਿਆ ਪ੍ਰਣਾਲੀਆਂ ਦੀ ਵਰਤੋਂ ਕੀਤੀ। ਇਸ ਨਾਲ ਹਥਿਆਰਾਂ ਅਤੇ ਇੰਟਰਸੈਪਟਰ ਮਿਜ਼ਾਈਲਾਂ ਦੀ ਮੰਗ ਤੇਜ਼ੀ ਨਾਲ ਵਧੀ। ਆਰ. ਟੀ. ਐਕਸ. ਕਾਰਪੋਰੇਸ਼ਨ ਨੂੰ 22.9 ਅਰਬ ਡਾਲਰ ਦਾ ਪੈਂਟਾਗਨ ਸਮਝੌਤਾ ਮਿਲਿਆ, ਜਦਕਿ ਲਾਕਹੀਡ ਮਾਰਟਿਨ ਨੇ ਪੈਟ੍ਰੀਅਟ ਇੰਟਰਸੈਪਟਰ ਮਿਜ਼ਾਈਲਾਂ ਦਾ ਉਤਪਾਦਨ 3 ਗੁਣਾ ਕਰਨ ਲਈ 59 ਅਰਬ ਡਾਲਰ ਦਾ ਸਮਝੌਤਾ ਕੀਤਾ। ਹਾਲਾਂਕਿ ਜੰਗ ਨਾਲ ਹਰ ਡਿਫੈਂਸ ਕੰਪਨੀ ਦੇ ਸ਼ੇਅਰਾਂ ਨੂੰ ਫਾਇਦਾ ਨਹੀਂ ਹੋਇਆ। ਨਾਰਥਰੋਪ ਗ੍ਰੁਮੈਨ ਦੇ ਸ਼ੇਅਰ ਲੱਗਭਗ 25 ਫੀਸਦੀ ਅਤੇ ਬੋਇੰਗ ਦੇ ਲੱਗਭਗ 8 ਫੀਸਦੀ ਹੇਠਾਂ ਆਏ, ਜਦਕਿ ਲਾਕਹੀਡ ਮਾਰਟਿਨ ਵਿਚ ਲੱਗਭਗ 14 ਫੀਸਦੀ ਦੀ ਤੇਜ਼ੀ ਰਹੀ।

ਬੈਂਕਿੰਗ ਸੈਕਟਰ ਨੇ ਵੀ ਖੂਬ ਕਮਾਇਆ
ਜੰਗ ਨਾਲ ਪੈਦਾ ਹੋਈ ਬਾਜ਼ਾਰ ਦੀ ਉਥਲ-ਪੁਥਲ ਨੇ ਨਿਵੇਸ਼ਕਾਂ ਨੂੰ ਸ਼ੇਅਰ, ਕਮੋਡਿਟੀ ਅਤੇ ਬਾਂਡ ਬਾਜ਼ਾਰ ਵਿਚ ਤੇਜ਼ੀ ਨਾਲ ਪੈਸਾ ਲਗਾਉਣ ਅਤੇ ਕੱਢਣ ’ਤੇ ਮਜਬੂਰ ਕੀਤਾ। ਇਸ ਨਾਲ ਵੱਡੇ ਬੈਂਕਾਂ ਦੀ ਟ੍ਰੇਡਿੰਗ ਅਤੇ ਹੋਰ ਵਿੱਤੀ ਗਤੀਵਿਧੀਆਂ ਤੋਂ ਕਮਾਈ ਵਧੀ। ਅਮਰੀਕਾ ਦੇ ਜੇ. ਪੀ. ਮੋਰਗਨ ਚੇਜ਼, ਬੈਂਕ ਆਫ ਅਮਰੀਕਾ, ਸਿਟੀਗਰੁੱਪ ਅਤੇ ਵੇਲਜ਼ ਫਾਰਗੋ ਨੇ ਦੂਜੀ ਤਿਮਾਹੀ ਵਿਚ ਸਾਂਝੇ ਤੌਰ ’ਤੇ 42.5 ਅਰਬ ਡਾਲਰ ਦਾ ਮੁਨਾਫਾ ਦਰਜ ਕੀਤਾ। ਐੱਚ. ਐੱਸ. ਬੀ. ਸੀ. ਦਾ ਸ਼ੁੱਧ ਲਾਭ 60 ਫੀਸਦੀ ਵਧ ਕੇ 10.1 ਅਰਬ ਡਾਲਰ ਹੋ ਗਿਆ।

ਮਹਿੰਗੇ ਤੇਲ ਤੋਂ ਰਿਨਿਊਏਬਲ ਅਤੇ ਕੋਲੇ ਦੀ ਵਾਪਸੀ
ਜੀਵਾਸ਼ਮ ਈਂਧਨ ਮਹਿੰਗਾ ਹੋਣ ਨਾਲ ਕਈ ਦੇਸ਼ਾਂ ਨੇ ਬਦਲਵੀਂ ਊਰਜਾ ’ਤੇ ਜ਼ੋਰ ਵਧਾਇਆ ਹੈ। ਚੀਨ, ਫਰਾਂਸ, ਆਸਟ੍ਰੇਲੀਆ ਅਤੇ ਕੈਨੇਡਾ ਸਮੇਤ ਘੱਟੋ-ਘੱਟ 26 ਦੇਸ਼ਾਂ ਅਤੇ ਖੇਤਰਾਂ ਨੇ ਨਵੀਆਂ ਸਵੱਛ ਊਰਜਾ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। 2026 ਵਿਚ ਗਲੋਬਲ ਵਾਹਨ ਵਿਕਰੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ 29 ਫੀਸਦੀ ਰਹਿਣ ਦਾ ਅਨੁਮਾਨ ਹੈ, ਪਰ ਤਸਵੀਰ ਦਾ ਦੂਜਾ ਪਹਿਲੂ ਵੀ ਹੈ। ਤੁਰੰਤ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕਈ ਏਸ਼ੀਆਈ ਦੇਸ਼ਾਂ ਨੇ ਕੋਲੇ ਦਾ ਰੁੱਖ ਫਿਰ ਵਧਾਇਆ ਹੈ। ਗਲੋਬਲ ਕੋਲਾ ਉਤਪਾਦਨ 2026 ਦੇ ਅੰਤ ਤੱਕ 1.8 ਫੀਸਦੀ ਵਧਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਨਗਰ ਨਿਗਮ ਨੇ ਕਾਰਾਬਾਰਾ ਰੋਡ 'ਤੇ ਛੇ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ

ਸਭ ਤੋਂ ਵੱਡਾ ਬੋਝ ਅਮਰੀਕੀ ਟੈਕਸਪੇਅਰਜ਼ ’ਤੇ
ਜੰਗ ਦੀ ਸਭ ਤੋਂ ਵੱਡੀ ਆਰਥਿਕ ਕੀਮਤ ਅਮਰੀਕੀ ਜਨਤਾ ਨੂੰ ਚੁਕਾਉਣੀ ਪੈ ਸਕਦੀ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਅਨੁਸਾਰ ਜੁਲਾਈ ਦੇ ਅੰਤ ਤੱਕ ਜੰਗ ’ਤੇ ਪ੍ਰਤੱਖ ਫੌਜੀ ਖਰਚਾ 37.5 ਅਰਬ ਡਾਲਰ ਸੀ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਵਿਚ ਲੰਬੇ ਸਮੇਂ ਦੀ ਮੁਰੰਮਤ, ਫੌਜੀ ਅੱਡਿਆਂ ਦੇ ਰੱਖ-ਰਖਾਅ ਅਤੇ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਅਦਾਇਗੀਆਂ ਸ਼ਾਮਲ ਨਹੀਂ ਹਨ। ਇਨ੍ਹਾਂ ਸਭ ਨੂੰ ਜੋੜਨ ’ਤੇ ਅਸਲ ਬੋਝ 1 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।

ਐਵੀਏਸ਼ਨ ਅਤੇ ਆਟੋ ਸੈਕਟਰ ਬੇਹਾਲ
ਹਵਾਈ ਖੇਤਰ ਬੰਦ ਹੋਣ, ਉਡਾਣਾਂ ਦੇ ਲੰਬੇ ਰਸਤਿਆਂ ਅਤੇ ਜੈੱਟ ਈਂਧਨ ਮਹਿੰਗਾ ਹੋਣ ਨਾਲ ਏਅਰਲਾਈਨਜ਼ ਨੂੰ ਭਾਰੀ ਨੁਕਸਾਨ ਹੋਇਆ ਹੈ। ਆਈ. ਏ. ਟੀ. ਏ. ਅਨੁਸਾਰ ਮਿਡਲ ਈਸਟ ਦੀਆਂ ਏਅਰਲਾਈਨਜ਼ ਨੂੰ ਇਸ ਸਾਲ ਸਮੂਹਿਕ ਤੌਰ ’ਤੇ 4.3 ਅਰਬ ਡਾਲਰ ਦਾ ਘਾਟਾ ਹੋ ਸਕਦਾ ਹੈ। ਆਟੋ ਕੰਪਨੀਆਂ ਵੀ ਮਹਿੰਗੇ ਐਲੂਮੀਨੀਅਮ, ਪਲਾਸਟਿਕ ਅਤੇ ਸੈਮੀਕੰਡਕਟਰ ਵਰਗੇ ਕੱਚੇ ਮਾਲ ਤੋਂ ਪ੍ਰੇਸ਼ਾਨ ਹਨ। ਟੋਇਟਾ ਦੀ ਗਲੋਬਲ ਵਿਕਰੀ ਜੁਲਾਈ ਵਿਚ ਲੱਗਭਗ 5 ਫੀਸਦੀ ਘਟੀ ਅਤੇ ਕੰਪਨੀ ’ਤੇ ਜੰਗ ਦਾ ਸੰਭਾਵੀ ਵਿੱਤੀ ਅਸਰ 4.3 ਅਰਬ ਡਾਲਰ ਤੱਕ ਦੱਸਿਆ ਗਿਆ ਹੈ। ਵੋਕਸਵੈਗਨ ਦੀ ਦੂਜੀ ਤਿਮਾਹੀ ਦੀ ਕਮਾਈ ਵੀ ਲੱਗਭਗ ਇਕ-ਚੌਥਾਈ ਘਟ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News