ਸਸਤਾ ਹੋ ਗਿਆ iPhone, ਬਜਟ ’ਚ ਕਸਟਮ ਡਿਊਟੀ ਘੱਟ ਹੁੰਦੇ ਹੀ Apple ਨੇ ਘਟਾਏ ਮੁੱਲ

Saturday, Jul 27, 2024 - 04:05 PM (IST)

ਨਵੀਂ ਦਿੱਲੀ (ਇੰਟ.) - ਮੰਤਰੀ ਨਿਰਮਲਾ ਸੀਤਾਰਾਮਨ ਨੇ 23 ਜੁਲਾਈ ਨੂੰ ਪੇਸ਼ ਹੋਏ ਬਜਟ ’ਚ ਸਮਾਰਟਫੋਨ ਗਾਹਕਾਂ ਨੂੰ ਜੋ ਤੋਹਫਾ ਦਿੱਤਾ ਸੀ, ਉਸ ਦਾ ਅਸਰ ਹੁਣ ਵਿਖਾਈ ਦੇਣ ਲੱਗਾ ਹੈ। ਐਪਲ ਨੇ ਆਈਫੋਨ ਦੇ ਮੁੱਲ ਘਟਾ ਦਿੱਤੇ ਹਨ। ਹੁਣ ਤੁਸੀਂ ਸਸਤੇ ’ਚ ਆਈਫੋਨ ਦੇ ਕਈ ਮਾਡਲ ਖਰੀਦ ਸਕਦੇ ਹੋ।

ਬਜਟ ’ਚ ਵਿੱਤ ਮੰਤਰੀ ਨੇ ਇੰਪੋਰਟਿਡ ਸਮਾਰਟਫੋਨਸ ’ਤੇ ਲੱਗਣ ਵਾਲੇ ਡਿਊਟੀ ਚਾਰਜ ’ਚ 5 ਫੀਸਦੀ ਦੀ ਕਟੌਤੀ ਕੀਤੀ ਹੈ। ਵਿੱਤ ਮੰਤਰੀ ਨੇ ਬੇਸਿਕ ਕਸਟਮ ਡਿਊਟੀ ਨੂੰ 20 ਤੋਂ ਘਟਾ ਕੇ 15 ਫ਼ੀਸਦੀ ਕਰ ਦਿੱਤਾ ਹੈ। ਭਾਰਤ ’ਚ ਆਈਫੋਨ ਦੇ ਪ੍ਰੋ ਮਾਡਲ ਜਿਵੇਂ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੇ ਨਾਲ ਗੂਗਲ ਦੇ ਕਈ ਸਮਾਰਟਫੋਨ ਮਾਡਲਾਂ ਦੀ ਦਰਾਮਦ ਕੀਤੀ ਜਾਂਦੀ ਹੈ।

6,000 ਰੁਪਏ ਤੱਕ ਡਿੱਗੀਆਂ ਕੀਮਤਾਂ

ਹੁਣ ਐਪਲ ਨੇ ਭਾਰਤ ’ਚ ਆਪਣੇ ਆਈਫੋਨ ਮਾਡਲਾਂ ਦੀਆਂ ਕੀਮਤਾਂ ’ਚ 3 ਤੋਂ 4 ਫੀਸਦੀ ਦੀ ਕਟੌਤੀ ਕੀਤੀ ਹੈ। ਟੈੱਕਕਰੰਚ ਅਨੁਸਾਰ ਇਸ ਨਾਲ ਕਈ ਮਾਡਲਾਂ ਦੇ ਆਈਫੋਨਸ ਦੀ ਕੀਮਤ ’ਚ 6,000 ਰੁਪਏ ਤੱਕ ਦੀ ਗਿਰਾਵਟ ਆ ਗਈ ਹੈ। ਆਈਫੋਨ 13, 14 ਅਤੇ 15 ਦੇ ਨਾਲ ਹੀ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਇਸ ਤਰ੍ਹਾਂ ਐਪਲ ਨੇ ਪਹਿਲੀ ਵਾਰ ਭਾਰਤ ’ਚ ਮੌਜੂਦਾ ਜੈਨਰੇਸ਼ਨ ਦੇ ਪ੍ਰੋ ਮਾਡਲਾਂ ਦੀਆਂ ਕੀਮਤਾਂ ਨੂੰ ਘਟਾਇਆ ਹੈ।

ਚੀਨ ’ਚ ਆਈਫੋਨ ਸ਼ਿਪਮੈਂਟ ਹੋਈ ਘੱਟ

ਆਈਫੋਨ ਦੀਆਂ ਕੀਮਤਾਂ ’ਚ ਗਿਰਾਵਟ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਚੀਨ ’ਚ ਆਈਫੋਨ ਸ਼ਿਪਮੈਂਟ ਘੱਟ ਹੋ ਗਈ ਹੈ। ਜੂਨ ’ਚ ਖਤਮ ਹੋਈ ਤਿਮਾਹੀ ’ਚ ਚੀਨ ’ਚ ਆਈਫੋਨਸ ਦੀ ਸ਼ਿਪਮੈਂਟ 6.7 ਫੀਸਦੀ ਡਿਗੀ ਹੈ। ਭਾਰਤ ਐਪਲ ਲਈ ਇਕ ਵੱਡਾ ਬਾਜ਼ਾਰ ਹੈ। ਐਪਲ ਲਗਾਤਾਰ ਭਾਰਤ ’ਚ ਆਪਣੇ ਵਿਨਿਰਮਾਣ ਆਧਾਰ ਨੂੰ ਵਧਾ ਰਿਹਾ ਹੈ।

ਭਾਰਤ ’ਚ ਆਈਫੋਨ ਦੀ ਬਾਜ਼ਾਰ ਹਿੱਸੇਦਾਰੀ ਵੀ ਲਗਾਤਾਰ ਵਧ ਰਹੀ ਹੈ। ਜਿਵੇਂ-ਜਿਵੇਂ ਦੇਸ਼ ’ਚ ਆਰਥਿਕ ਖੁਸ਼ਹਾਲੀ ਆ ਰਹੀ ਹੈ, ਵੱਧ ਤੋਂ ਵੱਧ ਲੋਕ ਆਈਫੋਨਸ ਖਰੀਦ ਰਹੇ ਹਨ। ਪਿਛਲੇ ਸਾਲ ਦੀ ਚੌਥੀ ਤਿਮਾਹੀ ’ਚ ਭਾਰਤ ’ਚ ਐਪਲ ਦੀ ਬਾਜ਼ਾਰ ਹਿੱਸੇਦਾਰੀ ਦੂਹਰੇ ਅੰਕ ’ਚ ਰਹੀ ਸੀ।


Harinder Kaur

Content Editor

Related News