ਜੰਗ ਕਾਰਨ ਭਾਰਤੀ ਐਵੀਏਸ਼ਨ ਨੂੰ ਵੱਡਾ ਝਟਕਾ, ਅੰਤਰਰਾਸ਼ਟਰੀ ਉਡਾਣਾਂ ’ਚ ਭਾਰੀ ਗਿਰਾਵਟ

Monday, Apr 27, 2026 - 03:36 PM (IST)

ਜੰਗ ਕਾਰਨ ਭਾਰਤੀ ਐਵੀਏਸ਼ਨ ਨੂੰ ਵੱਡਾ ਝਟਕਾ, ਅੰਤਰਰਾਸ਼ਟਰੀ ਉਡਾਣਾਂ ’ਚ ਭਾਰੀ ਗਿਰਾਵਟ

ਨਵੀਂ ਦਿੱਲੀ : ਮੱਧ-ਪੂਰਬ ’ਚ ਵਧ ਰਹੇ ਫੌਜੀ ਤਣਾਅ ਨੇ ਭਾਰਤੀ ਹਵਾਬਾਜ਼ੀ ਉਦਯੋਗ ਨੂੰ ਡੂੰਘਾ ਝਟਕਾ ਦਿੱਤਾ ਹੈ। ਗਲਫ ਖੇਤਰ ’ਚ ਏਅਰਸਪੇਸ ਬੰਦ ਹੋਣ ਅਤੇ ਵੱਡੇ ਪੱਧਰ ’ਤੇ ਉਡਾਣਾਂ ਦੇ ਰੱਦ ਹੋਣ ਕਾਰਨ ਮਾਰਚ ਮਹੀਨੇ ’ਚ ਭਾਰਤੀ ਏਅਰਲਾਈਨਜ਼ ਦੀਆਂ ਅੰਤਰਰਾਸ਼ਟਰੀ ਉਡਾਣਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਅੰਕੜਿਆਂ ਮੁਤਾਬਕ ਮਾਰਚ ’ਚ ਭਾਰਤੀ ਏਅਰਲਾਈਨਜ਼ ਦੀਆਂ ਅੰਤਰਰਾਸ਼ਟਰੀ ਉਡਾਣਾਂ 40 ਫੀਸਦੀ ਡਿੱਗ ਕੇ 11,284 ਰਹਿ ਗਈਆਂ, ਜੋ ਪਿਛਲੇ ਸਾਲ ਇਸੇ ਮਹੀਨੇ 18,502 ਸਨ। ਉੱਥੇ ਹੀ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵੀ 36 ਫੀਸਦੀ ਘਟ ਕੇ 18.4 ਲੱਖ ਰਹਿ ਗਈ, ਜੋ ਇਕ ਸਾਲ ਪਹਿਲਾਂ 29 ਲੱਖ ਸੀ।

ਪ੍ਰਤਾਪਗੜ੍ਹ ’ਚ ਦਲਿਤ ਮੁਟਿਆਰ ਦਾ ਕਤਲ, ਲਾਸ਼ ਦਰੱਖਤ ਨਾਲ ਲਟਕਦੀ ਮਿਲੀ

ਉਡਾਣਾਂ ਦੀ ਗਿਣਤੀ ਘਟ ਕੇ ਹੋਈ 80-90
ਭਾਰਤੀ ਏਅਰਲਾਈਨਜ਼ ਦੀ ਲੱਗਭਗ ਅੱਧੀ ਅੰਤਰਰਾਸ਼ਟਰੀ ਸਮਰੱਥਾ ਪੱਛਮੀ ਏਸ਼ੀਆ (ਗਲਫ) ਰੂਟਾਂ ’ਤੇ ਨਿਰਭਰ ਹੈ। ਇਕ ਰਿਪੋਰਟ ਮੁਤਾਬਕ ਮੌਜੂਦਾ ਸੰਕਟ ਕਾਰਨ ਰੋਜ਼ਾਨਾ ਉਡਾਣਾਂ ਦੀ ਗਿਣਤੀ 300-350 ਤੋਂ ਘਟ ਕੇ ਸਿਰਫ 80-90 ਰਹਿ ਗਈ ਹੈ। ਦੁਬਈ, ਦੋਹਾ, ਰਿਆਦ, ਦਮਾਮ ਅਤੇ ਸ਼ਾਰਜਾਹ ਵਰਗੇ ਪ੍ਰਮੁੱਖ ਸਥਾਨ ਇਸ ਸਥਿਤੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਜਿਸ ਨਾਲ ਏਅਰਲਾਈਨਜ਼ ਦੇ ਸੰਚਾਲਨ ’ਤੇ ਸਿੱਧਾ ਅਸਰ ਪਿਆ ਹੈ।

ਏਅਰ ਇੰਡੀਆ ਐਕਸਪ੍ਰੈੱਸ ਸਭ ਤੋਂ ਵੱਧ ਪ੍ਰਭਾਵਿਤ
ਏਅਰ ਇੰਡੀਆ ਗਰੁੱਪ ਦੀ ਲੋ-ਕਾਸਟ ਏਅਰਲਾਈਨ ਏਅਰ ਇੰਡੀਆ ਐਕਸਪ੍ਰੈੱਸ ਨੂੰ ਇਸ ਸੰਕਟ ਦਾ ਸਭ ਤੋਂ ਵੱਡਾ ਨੁਕਸਾਨ ਉਠਾਉਣਾ ਪਿਆ ਹੈ। ਮਾਰਚ ’ਚ ਇਸ ਦੀਆਂ ਉਡਾਣਾਂ ਦੀ ਗਿਣਤੀ 68 ਫੀਸਦੀ ਡਿੱਗ ਕੇ 1,263 ਰਹਿ ਗਈ, ਜਦੋਂਕਿ ਯਾਤਰੀ ਗਿਣਤੀ 66 ਫੀਸਦੀ ਘਟ ਕੇ 1.69 ਲੱਖ ’ਤੇ ਆ ਗਈ। ਕੰਪਨੀ ਦੀਆਂ 50 ਫੀਸਦੀ ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਗਲਫ ਖੇਤਰ ’ਤੇ ਨਿਰਭਰ ਹੋਣ ਕਾਰਨ ਇਹ ਗਿਰਾਵਟ ਹੋਰ ਵੀ ਵੱਧ ਦੇਖਣ ਨੂੰ ਮਿਲੀ।

ਦੇਖੋ ਕਿੰਨਾ ਆਲੀਸ਼ਾਨ ਹੈ ਹੋਟਲ ਜਿੱਥੇ ਟਰੰਪ 'ਤੇ ਚੱਲੀ ਗੋਲੀ, ਇਕ ਰਾਤ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

ਇੰਡੀਗੋ ਅਤੇ ਸਪਾਈਸਜੈੱਟ ਵੀ ਦਬਾਅ ’ਚ
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀਆਂ ਅੰਤਰਰਾਸ਼ਟਰੀ ਉਡਾਣਾਂ ’ਚ 36 ਫੀਸਦੀ ਦੀ ਕਮੀ ਆਈ ਹੈ, ਜਦੋਂਕਿ ਯਾਤਰੀ ਗਿਣਤੀ 37 ਫੀਸਦੀ ਘਟ ਗਈ। ਉੱਥੇ ਹੀ ਸਪਾਈਸਜੈੱਟ ਦੀਆਂ ਉਡਾਣਾਂ 60 ਫੀਸਦੀ ਅਤੇ ਯਾਤਰੀ ਗਿਣਤੀ 65 ਫੀਸਦੀ ਤੱਕ ਡਿੱਗ ਗਈ ਹੈ। ਹਾਲਾਂਕਿ ਇੰਡੀਗੋ ਦਾ ਯੂਰਪ ਨੈੱਟਵਰਕ ਫਿਲਹਾਲ ਜਾਰੀ ਹੈ ਪਰ ਏਅਰਸਪੇਸ ਪਾਬੰਦੀਆਂ ਕਾਰਨ ਲੰਮਾ ਰੂਟ ਅਪਣਾਉਣ ਨਾਲ ਉਡਾਣਾਂ ਦਾ ਸਮਾਂ ਅਤੇ ਲਾਗਤ ਦੋਵੇਂ ਵਧ ਗਏ ਹਨ।

ਈਂਧਨ ਮਹਿੰਗਾ, ਟਿਕਟਾਂ ਵੀ ਹੋਈਆਂ ਮਹਿੰਗੀਆਂ
ਏਅਰਸਪੇਸ ਬੰਦ ਹੋਣ ਅਤੇ ਪਾਕਿਸਤਾਨ ਉੱਪਰੋਂ ਉਡਾਣ ਪਾਬੰਦੀ ਕਾਰਨ ਏਅਰਲਾਈਨਜ਼ ਨੂੰ ਲੰਮਾ ਅਤੇ ਬਦਲਵਾਂ ਰਸਤਾ ਅਪਣਾਉਣਾ ਪੈ ਰਿਹਾ ਹੈ। ਇਸ ਨਾਲ ਜੈੱਟ ਫਿਊਲ ਦੀ ਖਪਤ ਅਤੇ ਲਾਗਤ ’ਚ ਭਾਰੀ ਵਾਧਾ ਹੋਇਆ ਹੈ। ਜੈੱਟ ਫਿਊਲ ਦੀਆਂ ਕੀਮਤਾਂ ਲੱਗਭਗ ਦੁੱਗਣੀਆਂ ਹੋ ਚੁੱਕੀਆਂ ਹਨ, ਜਿਸ ਕਾਰਨ ਅੰਤਰਰਾਸ਼ਟਰੀ ਹਵਾਈ ਕਿਰਾਏ ’ਚ ਤੇਜ਼ ਵਾਧਾ ਦੇਖਿਆ ਜਾ ਰਿਹਾ ਹੈ। ਨਾਲ ਹੀ ਫਿਊਲ ਸਰਚਾਰਜ ਵੀ ਵਧਾ ਦਿੱਤਾ ਗਿਆ ਹੈ, ਜਿਸ ਨਾਲ ਯਾਤਰੀਆਂ ’ਤੇ ਵਾਧੂ ਬੋਝ ਪੈ ਰਿਹਾ ਹੈ।

ਹੁਣ ITR ਫਾਈਲ ਕਰਨ ਸਮੇਂ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਹੋ ਸਕਦੀ ਹੈ ਜੇਲ੍ਹ


ਇਹ ਸੰਕਟ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ
ਇਹ ਸੰਕਟ ਸਿਰਫ ਭਾਰਤ ਤੱਕ ਸੀਮਤ ਨਹੀਂ ਹੈ, ਬਲਕਿ ਗਲੋਬਲ ਪੱਧਰੀ ਹਵਾਬਾਜ਼ੀ ਉਦਯੋਗ ’ਤੇ ਵੀ ਇਸ ਦਾ ਵਿਆਪਕ ਅਸਰ ਪਿਆ ਹੈ। ਬ੍ਰੋਕਰੇਜ ਰਿਪੋਰਟ ਅਨੁਸਾਰ ਪ੍ਰਭਾਵਿਤ ਏਅਰ ਕੋਰੀਡੋਰ ਦੁਨੀਆ ਦੇ ਕਰੀਬ 25 ਫੀਸਦੀ ਅੰਤਰਰਾਸ਼ਟਰੀ ਯਾਤਰੀ ਟ੍ਰੈਫਿਕ ਨੂੰ ਸੰਭਾਲਦਾ ਹੈ। ਅਜਿਹੇ ’ਚ ਮੌਜੂਦਾ ਸਥਿਤੀ ਨੂੰ ਮੰਗ ਦੀ ਕਮੀ ਨਹੀਂ, ਬਲਕਿ ਸਪਲਾਈ ’ਚ ਆਈ ਰੁਕਾਵਟ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਜਿਸ ਨੇ ਪੂਰੇ ਐਵੀਏਸ਼ਨ ਸੈਕਟਰ ਨੂੰ ਪ੍ਰਭਾਵਿਤ ਕੀਤਾ ਹੈ।

ਮਾਰਚ ਅੰਤਰਰਾਸ਼ਟਰੀ ਉਡਾਣਾਂ
2025 18,502

2026 11,284

ਮਾਰਚ ਯਾਤਰੀ ਗਿਣਤੀ
2025 29 ਲੱਖ
2026 18.4 ਲੱਖ

ਏਅਰਲਾਈਨ ਅਨੁਸਾਰ ਗਿਰਾਵਟ (ਲੱਗਭਗ ਫੀਸਦੀ)

ਏਅਰ ਇੰਡੀਆ ਐਕਸਪ੍ਰੈੱਸ-68%

ਸਪਾਈਸਜੈੱਟ -60%

ਇੰਡੀਗੋ -36%

ਏਅਰ ਇੰਡੀਆ -20%

ਅਕਾਸਾ ਏਅਰ-10%

ਇਹ ਵੀ ਪੜ੍ਹੋ :  ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

SATPAL

Content Editor

Related News