ਪੀ-ਨੋਟ ਜ਼ਰੀਏ ਨਿਵੇਸ਼ ਦਸੰਬਰ ''ਚ 31 ਮਹੀਨਿਆਂ ਦੇ ਉੱਚ ਪੱਧਰ ''ਤੇ ਪੁੱਜਾ
Tuesday, Jan 19, 2021 - 07:34 PM (IST)

ਨਵੀਂ ਦਿੱਲੀ- ਘਰੇਲੂ ਪੂੰਜੀ ਬਾਜ਼ਾਰ ਵਿਚ ਪਾਰਟੀਸਿਪੇਟਰੀ ਨੋਟ (ਪੀ-ਨੋਟਸ) ਜ਼ਰੀਏ ਨਿਵੇਸ਼ ਦਸੰਬਰ 2020 ਦੇ ਅੰਤ ਵਿਚ 87,132 ਕਰੋੜ ਰੁਪਏ 'ਤੇ ਪਹੁੰਚ ਗਿਆ। ਇਹ ਪਿਛਲੇ 31 ਮਹੀਨਿਆਂ ਦਾ ਸਭ ਤੋਂ ਉੱਚਾ ਅੰਕੜਾ ਹੈ। ਇਸ ਨਾਲ ਦੇਸ਼ ਵਿਚ ਨਿਵੇਸ਼ ਨੂੰ ਲੈ ਕੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੇ ਰੁਖ਼ ਦਾ ਪਤਾ ਲੱਗਦਾ ਹੈ। ਪੀ-ਨੋਟ ਭਾਰਤ ਵਿਚ ਰਜਿਸਟਰਡ ਐੱਫ. ਪੀ. ਆਈ. ਵੱਲੋਂ ਜਾਰੀ ਕੀਤੇ ਜਾਂਦੇ ਹਨ। ਐੱਫ. ਪੀ. ਆਈ. ਇਹ ਨੋਟ ਅਜਿਹੇ ਵਿਦੇਸ਼ੀ ਨਿਵੇਸ਼ਕਾਂ ਨੂੰ ਜਾਰੀ ਕਰਦੇ ਹਨ ਜੋ ਕਿ ਭਾਰਤੀ ਬਾਜ਼ਾਰਾਂ ਵਿਚ ਖੁਦ ਨੂੰ ਰਜਿਸਟਰਡ ਕੀਤੇ ਬਿਨਾਂ ਨਿਵੇਸ਼ ਕਰਨਾ ਚਾਹੁੰਦੇ ਹਨ।
ਸੇਬੀ ਦੇ ਅੰਕੜਿਆਂ ਅਨੁਸਾਰ, ਭਾਰਤੀ ਬਾਜ਼ਾਰਾਂ ਵਿਚ ਪੀ-ਨੋਟ ਦਾ ਮੁੱਲ ਦਸੰਬਰ ਦੇ ਅੰਤ ਵਿਚ ਵੱਧ ਕੇ 87,132 ਕਰੋੜ ਰੁਪਏ ਹੋ ਗਿਆ। ਇਸ ਤੋਂ ਪਹਿਲਾਂ ਨਵੰਬਰ ਦੇ ਅੰਤ ਵਿਚ ਇਹ 83,114 ਕਰੋੜ ਰੁਪਏ ਸੀ। ਇਸ ਵਿਚ ਸ਼ੇਅਰ, ਕਰਜ਼ੇ ਦੇ ਸਾਧਨ ਅਤੇ ਹੋਰ ਮਿਸ਼ਰਤ ਪ੍ਰਤੀਭੂਤੀਆਂ ਹੁੰਦੀਆਂ ਹਨ। ਅੰਕੜੇ ਦਰਸਾਉਂਦੇ ਹਨ ਕਿ ਪੀ-ਨੋਟ ਜ਼ਰੀਏ ਇਹ ਨਿਵੇਸ਼ ਮਈ 2018 ਤੋਂ ਬਾਅਦ ਦਾ ਸਭ ਤੋਂ ਉੱਚਾ ਹੈ ਜਦੋਂ ਨਿਵੇਸ਼ ਦਾ ਅੰਕੜਾ 93,497 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ।
ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੇ ਸਮੇਂ ਮਾਰਚ ਵਿਚ ਇਹ ਨਿਵੇਸ਼ 15 ਸਾਲਾਂ ਦੇ ਹੇਠਲੇ ਪੱਧਰ 48,006 ਕਰੋੜ ਰੁਪਏ ਤੱਕ ਆ ਗਿਆ ਸੀ। ਉਸ ਸਮੇਂ ਗਲੋਬਲ ਬਾਜ਼ਾਰਾਂ ਵਿਚ ਕਾਫ਼ੀ ਉਤਰਾਅ-ਚੜ੍ਹਾਅ ਚੱਲ ਰਿਹਾ ਸੀ। ਉਸ ਤੋਂ ਬਾਅਦ ਇਹ ਹੌਲੀ-ਹੌਲੀ ਵਧਣਾ ਸ਼ੁਰੂ ਹੋਇਆ ਅਤੇ ਅਪ੍ਰੈਲ ਵਿਚ 57,100 ਕਰੋੜ ਰੁਪਏ, ਮਈ ਵਿਚ 60,027 ਕਰੋੜ ਰੁਪਏ, ਜੂਨ ਵਿਚ 62,138 ਕਰੋੜ ਰੁਪਏ, ਜੁਲਾਈ ਵਿਚ 63,228 ਕਰੋੜ ਰੁਪਏ ਅਤੇ ਅਗਸਤ ਵਿਚ 74,002 ਕਰੋੜ ਰੁਪਏ 'ਤੇ ਪਹੁੰਚ ਗਿਆ। ਸਤੰਬਰ ਵਿਚ ਇਹ ਘੱਟ ਕੇ 69,820 ਕਰੋੜ ਰੁਪਏ ਰਿਹਾ ਪਰ ਅਕਤੂਬਰ ਵਿਚ ਫਿਰ ਵੱਧ ਕੇ 78,686 ਕਰੋੜ ਰੁਪਏ 'ਤੇ ਪਹੁੰਚ ਗਿਆ।