ਵੱਡੀ ਖ਼ਬਰ! ਫਸਲ, ਟਰੈਕਟਰ ਦੀ EMI ''ਤੇ ਨਹੀਂ ਮਿਲੇਗਾ ਵਿਆਜ ਮੁਆਫ਼ੀ ਦਾ ਫਾਇਦਾ
Friday, Oct 30, 2020 - 11:14 PM (IST)
ਨਵੀਂ ਦਿੱਲੀ— ਵਿੱਤ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਖੇਤੀ ਅਤੇ ਇਸ ਨਾਲ ਸਬੰਧਤ ਕਰਜ਼ 'ਤੇ ਵਿਆਜ 'ਤੇ ਵਿਆਜ ਮੁਆਫ਼ੀ ਯੋਜਨਾ ਦਾ ਫਾਇਦਾ ਨਹੀਂ ਮਿਲੇਗਾ।
ਵਿੱਤ ਮੰਤਰਾਲਾ ਨੇ ਵੀਰਵਾਰ ਨੂੰ ਮਿਸ਼ਰਤ ਅਤੇ ਸਾਧਾਰਣ ਵਿਆਜ ਵਿਚਕਾਰ ਫਰਕ ਦੇ ਭੁਗਤਾਨ ਨਾਲ ਸਬੰਧਤ ਰਾਹਤ ਯੋਜਨਾ 'ਤੇ ਐੱਫ. ਏ. ਕਇਊ. ਯਾਨੀ ਅਕਸਰ ਪੁੱਛੇ ਜਾਂਦੇ ਸਵਾਲ ਜਾਰੀ ਕੀਤੇ ਹਨ। ਮੰਤਰਾਲਾ ਨੇ ਕਿਹਾ ਕਿ ਕਰਜ਼ਦਾਰਾਂ ਨੂੰ ਫਰਵਰੀ ਅੰਤ ਤੱਕ ਕ੍ਰੈਡਿਟ ਕਾਰਡ 'ਤੇ ਬਕਾਏ ਲਈ ਵੀ ਇਸ ਯੋਜਨਾ ਦਾ ਫਾਇਦਾ ਮਿਲੇਗਾ। ਵਿੱਤ ਮੰਤਰਾਲਾ ਨੇ ਸਪੱਸ਼ਟ ਕੀਤਾ ਇਸ ਯੋਜਨਾ ਤਹਿਤ ਕੁੱਲ 8 ਖੇਤਰ ਆਉਂਦੇ ਹਨ।
ਫਸਲ ਅਤੇ ਟਰੈਕਟਰ ਕਰਜ਼ ਖੇਤੀ ਅਤੇ ਸਬੰਧਤ ਗਤੀਵਧੀਆਂ ਤਹਿਤ ਆਉਂਦਾ ਹੈ ਜੋ ਇਸ ਯੋਜਨਾ 'ਚ ਸ਼ਾਮਲ ਨਹੀਂ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸਾਰੇ ਕਰਜ਼ਦਾਤਾ ਸੰਸਥਾਨਾਂ ਨੂੰ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਦੋ ਕਰੋੜ ਰੁਪਏ ਤੱਕ ਦੇ ਕਰਜ਼ ਲਈ ਹਾਲ ਹੀ 'ਚ ਘੋਸ਼ਿਤ ਵਿਆਜ 'ਤੇ ਵਿਆਜ ਮੁਆਫ਼ੀ ਯੋਜਨਾ ਨੂੰ ਲਾਗੂ ਕਰਨ। ਇਸ ਯੋਜਨਾ ਤਹਿਤ ਦੋ ਕਰੋੜ ਰੁਪਏ ਤੱਕ ਦੇ ਕਰਜ਼ 'ਤੇ ਵਿਆਜ ਦੇ ਉਪਰ ਲੱਗਣ ਵਾਲਾ ਵਿਆਜ ਇਕ ਮਾਰਚ 2020 ਤੋਂ 6 ਮਹੀਨਿਆਂ ਲਈ ਮੁਆਫ਼ ਕੀਤਾ ਜਾਵੇਗਾ। ਸਰਕਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਪਾਤਰ ਕਰਜ਼ ਖਾਤਿਆਂ ਲਈ ਮਿਸ਼ਰਤ ਵਿਆਜ ਅਤੇ ਸਾਧਾਰਣ ਵਿਆਜ ਵਿਚਕਾਰ ਫਰਕ ਦੇ ਭੁਗਤਾਨ ਨੂੰ ਲੈ ਕੇ ਛੇ ਮਹੀਨਿਆਂ ਲਈ ਰਾਹਤ ਯੋਜਨਾ ਘੋਸ਼ਿਤ ਕੀਤੀ ਸੀ। ਸਰਕਾਰ ਨੇ ਸਾਰੇ ਬੈਂਕਾਂ ਨੂੰ ਪੰਜ ਨਵੰਬਰ ਤੱਕ ਮਿਸ਼ਰਤ ਵਿਆਜ ਅਤੇ ਸਾਧਾਰਣ ਵਿਆਜ ਦੇ ਫਰਕ ਦੇ ਅੰਤਰ ਨੂੰ ਕਰਜ਼ਦਾਰਾਂ ਦੇ ਖਾਤੇ 'ਚ ਜਮ੍ਹਾ ਕਰਨ ਲਈ ਕਿਹਾ ਸੀ।