ਦੇਸ਼ ਦੇ ਇਸ ਵੱਡੇ ਬੈਂਕ ''ਚ ਵਧਿਆ ਹਿੰਦੂਜਾ ਗਰੁੱਪ ਦਾ ਦਖ਼ਲ, RBI ਨੇ ਦਿੱਤੀ ਮਨਜ਼ੂਰੀ

Friday, Feb 03, 2023 - 02:03 PM (IST)

ਬਿਜ਼ਨੈੱਸ ਡੈਸਕ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਹਿੰਦੂਜਾ ਗਰੁੱਪ ਦੀ ਇਕਾਈ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ ਲਿਮਟਿਡ ਨੂੰ ਇੰਡਸਇੰਡ ਬੈਂਕ 'ਚ ਆਪਣੀ ਹਿੱਸੇਦਾਰੀ ਵਧਾਉਣ ਲਈ ਸਿਧਾਂਤਕ ਅਤੇ ਸ਼ਰਤੀਆ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਹਿੰਦੂਜਾ ਗਰੁੱਪ ਲੈਂਡਰ 'ਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਬੈਂਕ 'ਚ ਪ੍ਰਮੋਟਰ ਦੀ ਹਿੱਸੇਦਾਰੀ 16.51 ਫੀਸਦੀ ਹੈ।
ਸਟਾਕ ਐਕਸਚੇਂਜ ਦੇ ਖੁਲਾਸੇ ਅਨੁਸਾਰ, 31 ਦਸੰਬਰ, 2022 ਤੱਕ ਇੰਡਸਇੰਡ ਇੰਟਰਨੈਸ਼ਨਲ ਹੋਲਡਿੰਗਜ਼ ਦੀ 12.58 ਫ਼ੀਸਦੀ ਅਤੇ ਇੰਡਸਇੰਡ ਲਿਮਟਿਡ ਕੋਲ 3.92 ਫ਼ੀਸਦੀ ਸੀ। ਮੀਡੀਆ ਰਿਪੋਰਟ 'ਚ ਸੂਤਰਾਂ ਨੇ ਕਿਹਾ ਕਿ ਬੈਂਕ 'ਚ ਆਪਣੀ ਹਿੱਸੇਦਾਰੀ ਵਧਾਉਣ ਲਈ ਹਿੰਦੂਜਾ ਗਰੁੱਪ ਨੂੰ 10,000-11,000 ਕਰੋੜ ਰੁਪਏ (1.2-1.3 ਅਰਬ ਡਾਲਰ) ਪਾਉਣ ਦੀ ਲੋੜ ਪੈ ਸਕਦੀ ਹੈ।
ਇੰਡਸਇੰਡ ਬੈਂਕ ਦੇ ਸ਼ੇਅਰ 'ਚ ਤੇਜ਼ੀ
ਇੰਡਸਇੰਡ ਬੈਂਕ ਦੇ ਸ਼ੇਅਰ 83,388 ਕਰੋੜ ਰੁਪਏ ਦੇ ਮਾਰਕੀਟ ਕੈਪ ਦੇ ਨਾਲ ਬੰਬਈ ਸਟਾਕ ਐਕਸਚੇਂਜ 'ਚ 3.25 ਫ਼ੀਸਦੀ ਦੇ ਵਾਧੇ ਨਾਲ 1,075 ਰੁਪਏ 'ਤੇ ਬੰਦ ਹੋਏ। ਸ਼ੁੱਕਰਵਾਰ ਨੂੰ ਵੀ ਬੈਂਕ ਦੇ ਸ਼ੇਅਰ 'ਚ 2.56 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 1,103.40 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਹਿੰਦੂਜਾ ਗਰੁੱਪ, ਇੰਡਸਇੰਡ ਬੈਂਕ ਅਤੇ ਆਰ.ਬੀ.ਆਈ. ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਹਿੰਦੂਜਾ ਪਰਿਵਾਰ ਦਾ ਕਾਰੋਬਾਰ ਬੈਂਕਿੰਗ, ਕੈਮੀਕਲ, ਸੂਚਨਾ ਤਕਨਾਲੋਜੀ ਅਤੇ ਹੈਲਥ ਸੈਕਟਰ ਤੱਕ ਫੈਲਿਆ ਹੋਇਆ ਹੈ। ਹਿੰਦੂਜਾ ਗਰੁੱਪ ਆਫ਼ ਕੰਪਨੀਜ਼ (ਇੰਡੀਆ) ਦੇ ਚੇਅਰਮੈਨ ਅਸ਼ੋਕ ਹਿੰਦੂਜਾ ਨੇ ਨਵੰਬਰ 2021 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਕੇਂਦਰੀ ਬੈਂਕ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਮੋਟਰ ਪੜਾਅਵਾਰ ਆਪਣੀ ਹਿੱਸੇਦਾਰੀ ਵਧਾ ਕੇ 26 ਫ਼ੀਸਦੀ ਕਰ ਲੈਣਗੇ।
2021 'ਚ ਬਦਲੇ ਸਨ ਨਿਯਮ
ਭਾਰਤੀ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਨਾਲ ਸੰਬੰਧਤ ਮਾਲਕੀ ਦਿਸ਼ਾ-ਨਿਰਦੇਸ਼ਾਂ ਅਤੇ ਕਾਰਪੋਰੇਟ ਢਾਂਚੇ ਦੀ ਸਮੀਖਿਆ ਕਰਨ ਲਈ ਇੱਕ ਅੰਦਰੂਨੀ ਵਰਕਿੰਗ ਸਮੂਹ ਦੀ ਸਿਫ਼ਾਰਸ਼ ਦੇ ਬਾਅਦ, ਨਵੰਬਰ 2021 'ਚ ਆਰ.ਬੀ.ਆਈ ਨੇ ਪ੍ਰਮੋਟਰਾਂ ਨੂੰ ਆਪਣੀ ਹਿੱਸੇਦਾਰੀ 15 ਫ਼ੀਸਦੀ ਤੋਂ ਵਧਾ ਕੇ 26 ਫ਼ੀਸਦੀ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਕੋਟਕ ਮਹਿੰਦਰਾ ਬੈਂਕ ਦੇ ਪ੍ਰਮੋਟਰ ਉਦੈ ਕੋਟਕ ਅਤੇ ਆਰ.ਬੀ.ਆਈ. ਦੇ ਵਿਚਕਾਰ ਕਾਨੂੰਨੀ ਲੜਾਈ ਹੋਈ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News