ਭਾਰੀ ਖਰਚਾ ਕਰਨ ਵਾਲੇ ਟੈਕਸਦਾਤੇ ਨਹੀਂ ਭਰ ਸਕਣਗੇ ਸਾਧਾਰਨ ITR-1 ਫਾਰਮ 'ਚ ਰਿਟਰਨ
Monday, Jan 06, 2020 - 05:04 PM (IST)

ਨਵੀਂ ਦਿੱਲੀ — ਆਮਦਨ ਕਰ ਰਿਟਰਨ ਫ਼ਾਰਮ ਦੀ ਵਰਤੋਂ ’ਚ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਘਰ ਦਾ ਸਾਂਝੇ ਮਾਲਿਕਾਨਾ ਅਧਿਕਾਰ ਰੱਖਣ ਵਾਲੇ, ਸਾਲ ’ਚ ਇਕ ਲੱਖ ਰੁਪਏ ਦਾ ਬਿਜਲੀ ਬਿੱਲ ਭਰਨ ਵਾਲੇ ਤੇ ਵਿਦੇਸ਼ ਯਾਤਰਾਵਾਂ ’ਤੇ 2 ਲੱਖ ਰੁਪਏ ਤੋਂ ਜ਼ਿਆਦਾ ਖਰਚ ਕਰਨ ਵਾਲੇ ਨਿੱਜੀ ਕਰਦਾਤੇ ਹੁਣ ਸਾਧਾਰਨ ਆਈ. ਟੀ. ਆਰ.-1 ਫ਼ਾਰਮ ’ਚ ਆਮਦਨ ਟੈਕਸ ਰਿਟਰਨ ਨਹੀਂ ਭਰ ਸਕਣਗੇ। ਅਜਿਹੇ ਕਰਦਾਤਿਆਂ ਨੂੰ ਦੂਜੇ ਫ਼ਾਰਮ ਵਿਚ ਰਿਟਰਨ ਭਰਨੀ ਹੋਵੇਗੀ, ਜਿਸ ਨੂੰ ਆਉਣ ਵਾਲੇ ਦਿਨਾਂ ਵਿਚ ਨੋਟੀਫਾਈ ਕੀਤਾ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਸਰਕਾਰ ਆਮ ਤੌਰ ’ਤੇ ਹਰ ਸਾਲ ਅਪ੍ਰੈਲ ਮਹੀਨੇ ਵਿਚ ਆਮਦਨ ਕਰ ਰਿਟਰਨ ਭਰਨ ਦੇ ਫ਼ਾਰਮ ਦਾ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਪਰ ਸਰਕਾਰ ਨੇ ਇਸ ਵਾਰ ਮੁਲਾਂਕਣ ਸਾਲ 2020-21 ਲਈ 3 ਜਨਵਰੀ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੌਜੂਦਾ ਵਿਵਸਥਾ ਅਨੁਸਾਰ 50 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਕਰਨ ਵਾਲੇ ਆਮ ਨਿਵਾਸੀ ਆਈ.ਟੀ.ਆਰ.-1 ਸਹਿਜ ਫ਼ਾਰਮ ਭਰ ਸਕਦੇ ਹਨ। ਇਸੇ ਤਰ੍ਹਾਂ ਵਪਾਰਕ ਅਤੇ ਪੇਸ਼ੇ ਤੋਂ ਹੋਣ ਵਾਲੀ ਅੰਦਾਜ਼ਨ ਅਤੇ 50 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਵਾਲੇ ਹਿੰਦੂ ਅਣਵੰਡੇ ਪਰਿਵਾਰ, ਐੱਲ. ਐੱਲ. ਪੀ. ਨੂੰ ਛੱਡ ਕੇ ਹੋਰ ਕੰਪਨੀਆਂ, ਵਿਅਕਤੀਗਤ ਕਰਦਾਤੇ ਆਈ. ਟੀ. ਆਰ.-4 ਸੁਗਮ ਵਿਚ ਰਿਟਰਨ ਭਰਦੇ ਹਨ ਪਰ ਤਾਜ਼ਾ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਸ ’ਚ ਦੋ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ। ਜੇਕਰ ਕਿਸੇ ਵਿਅਕਤੀ ਕੋਲ ਘਰ ਦਾ ਸਾਂਝਾ ਮਾਲਿਕਾਨਾ ਅਧਿਕਾਰ ਹੈ ਤਾਂ ਉਹ ਆਈ.ਟੀ.ਆਰ.-1 ਜਾਂ ਆਈ.ਟੀ.ਆਰ. -4 ਵਿਚ ਆਪਣੀ ਰਿਟਰਨ ਨਹੀਂ ਭਰ ਸਕਦਾ ਹੈ। ਦੂਜੇ ਜਿਨ੍ਹਾਂ ਕੋਲ ਬੈਂਕ ਖਾਤੇ ਵਿਚ ਇਕ ਕਰੋਡ਼ ਰੁਪਏ ਤੋਂ ਜ਼ਿਆਦਾ ਜਮ੍ਹਾ ਰਾਸ਼ੀ ਹੈ, ਜਿਨ੍ਹਾਂ ਨੇ ਵਿਦੇਸ਼ ਯਾਤਰਾਵਾਂ ’ਤੇ ਦੋ ਲੱਖ ਰੁਪਏ ਖਰਚ ਕੀਤੇ ਹੈ ਅਤੇ ਸਾਲ ਵਿਚ ਇਕ ਲੱਖ ਰੁਪਏ ਜਾਂ ਇਸ ਤੋਂ ਵੱਧ ਬਿਜਲੀ ਦਾ ਬਿੱਲ ਭਰਿਆ ਹੈ, ਉਨ੍ਹਾਂ ਲਈ ਆਈ.ਟੀ.ਆਰ. -1 ਵਿਚ ਰਿਟਰਨ ਭਰਨਾ ਜਾਇਜ਼ ਨਹੀਂ ਹੋਵੇਗਾ।