ਘਰੇਲੂ ਫਲਾਈਟਸ ਨੂੰ ਦਸੰਬਰ ਤੱਕ ਪੂਰੀ ਸਮਰੱਥਾ ਨਾਲ ਚਲਾਵੇਗੀ ਇੰਡੀਗੋ
Monday, Sep 13, 2021 - 10:44 AM (IST)
ਨਵੀਂ ਦਿੱਲੀ (ਬਿਜਨੈੱਸ ਡੈਸਕ) - ਭਾਰਤੀ ਏਅਰਲਾਈਨ ਕੰਪਨੀ ਇੰਡੀਗੋ ਘਰੇਲੂ ਫਲਾਈਟਸ ਨੂੰ ਦਸੰਬਰ ਤੱਕ ਪੂਰੀ ਸਮਰੱਥਾ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫਲਾਈਟਸ ਦਾ ਮੌਜ਼ੂਦਾ ਲੋਡ ਫੈਕਟਰ 70 ਫੀਸਦੀ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਇਸ ਦੇ ਵਧਣ ਦੀ ਸੰਭਾਵਨਾ ਹੈ।
ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਵਧਿਆ ਟ੍ਰੈਫਿਕ
ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਨੋਜੁਆਏ ਦੱਤਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਮਹਾਮਾਰੀ ਤੋਂ ਬਾਅਦ ਚੀਜ਼ਾਂ ਹੌਲੀ-ਹੌਲੀ ਸੁਧਾਰ ਵੱਲ ਵਧ ਰਹੀਆਂ ਹਨ। ਟ੍ਰੈਫਿਕ ਵਧ ਰਿਹਾ ਹੈ ਅਤੇ ਅਜਿਹੇ ’ਚ ਜ਼ਿਆਦਾ ਫਲਾਈਟਸ ਸ਼ੁਰੂ ਹੋਣਗੀਆਂ। ਅਗਸਤ ’ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਏਅਰਲਾਈਨਸ ਨੂੰ ਜੁਲਾਈ ’ਚ 65 ਫ਼ੀਸਦੀ ਫਲਾਈਟਸ ਦੀ ਸਮਰੱਥਾ 72.5 ਫੀਸਦੀ ਤੱਕ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਅੰਤਰਰਾਸ਼ਟਰੀ ਫਲਾਈਟਸ ’ਤੇ ਵਧੀ ਹੋਈ ਰੋਕ 30 ਸਤੰਬਰ ਤੱਕ ਜਾਰੀ ਹੈ। ਦੱਤਾ ਅਨੁਸਾਰ ਏਅਰਲਾਈਨ ਦਾ ਘਾਟਾ 30 ਜੂਨ, 2021 ਨੂੰ ਖ਼ਤਮ ਤਿਮਾਹੀ ’ਚ 3,174 ਕਰੋਡ਼ ਰੁਪਏ ਹੈ, ਉਥੇ ਹੀ ਇਕ ਸਾਲ ਪਹਿਲਾਂ ਦੀ ਮਿਆਦ ’ਚ 2,844 ਰੁਪਏ ਕਰੋਡ਼ ਰੁਪਏ ਸੀ।
ਕੌਮਾਂਤਰੀ ਯਾਤਰਾ ’ਤੇ ਪਾਬੰਦੀ ਨਾਲ ਹੋਇਆ ਨੁਕਸਾਨ
ਨੁਕਸਾਨ ਉਦੋਂ ਤੋਂ ਜਾਰੀ ਹੈ ਜਦੋਂ ਤੋਂ ਮਹਾਮਾਰੀ ਨੇ ਕੌਮਾਂਤਰੀ ਯਾਤਰਾ ਨੂੰ ਲਗਭਗ ਰੋਕ ਦਿੱਤਾ। ਇਸ ਦੇ ਬਾਅਦ ਤੋਂ ਏਅਰਲਾਈਨ ਨੂੰ ਕਾਫ਼ੀ ਘਾਟਾ ਸਹਿਣਾ ਪਿਆ। 28 ਅਗਸਤ ਨੂੰ ਖਤਮ ਹੋਏ ਹਫ਼ਤੇ ਦੌਰਾਨ ਹਵਾਈ ਯਾਤਰੀ ਆਵਾਜਾਈ ’ਚ ਲਗਾਤਾਰ ਗਿਰਾਵਟ ਆਈ, ਕਿਉਂਕਿ ਟਿਕਟ ਕਿਰਾਏ ’ਚ ਚੋਖਾ ਵਾਧਾ, ਹੋਰ ਗੱਲਾਂ ਤੋਂ ਇਲਾਵਾ, ਲੋਕਾਂ ਨੂੰ ਉਡਾਣ ਲੈਣ ਤੋਂ ਰੋਕ ਦਿੱਤਾ। ਅਗਸਤ ਦੀ ਸ਼ੁਰੂਆਤ ’ਚ ਹਵਾਈ ਯਾਤਰਾ ’ਚ ਤੇਜ਼ੀ ਨਾਲ ਵਾਧਾ ਹੋਇਆ ਜਦੋਂ ਹਵਾਈ ਕਿਰਾਏ ’ਤੇ ਨਵੇਂ ਸਿਰੇ ਤੋਂ ਐਲਾਨ ਕੀਤਾ ਜਾਣੀ ਬਾਕੀ ਸੀ।