ਡਾਕਟਰਾਂ ਤੇ ਨਰਸਾਂ ਨੂੰ ਕਿਰਾਏ ''ਚ ਇੰਨੀ ਛੋਟ ਦੇਵੇਗੀ ਇੰਡੀਗੋ
Thursday, Jul 02, 2020 - 03:18 PM (IST)
ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਕੋਰੋਨਾ ਸੰਕਟ ਸਮੇਂ ਜਾਨਾਂ ਬਚਾਉਣ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਡਾਕਟਰਾਂ ਅਤੇ ਨਰਸਾਂ ਨੂੰ ਕਿਰਾਏ 'ਚ 25 ਫੀਸਦੀ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ।
ਏਅਰਲਾਈਨ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਇਸ ਲਈ 'ਟਫ ਕੁਕੀ' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ, 31 ਦਸੰਬਰ ਤੱਕ ਯਾਤਰਾ ਲਈ ਟਿਕਟਾਂ ਬੁੱਕ ਕਰਵਾਉਣ ਵਾਲੇ ਡਾਕਟਰ ਅਤੇ ਨਰਸਾਂ ਨੂੰ ਕਿਰਾਏ ਵਿਚ 25 ਫੀਸਦੀ ਤੱਕ ਦੀ ਛੋਟ ਮਿਲ ਸਕੇਗੀ।
ਚੈੱਕ-ਇਨ ਸਮੇਂ ਉਨ੍ਹਾਂ ਨੂੰ ਆਪਣੇ ਹਸਪਤਾਲ ਦਾ ਪਛਾਣ ਪੱਤਰ (ਆਈ. ਡੀ.) ਦਿਖਾਉਣਾ ਹੋਵੇਗਾ। ਉਨ੍ਹਾਂ ਦੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਨੂੰ ਚੈੱਕ-ਇਨ ਸਮੇਂ ਇਕ 'ਕੁਕੀ ਟੀਨ' ਦਿੱਤਾ ਜਾਵੇਗਾ, ਬੋਡਰਿੰਗ ਗੇਟ 'ਤੇ ਉਨ੍ਹਾਂ ਦੇ ਨਾਮ ਦਾ ਐਲਾਨ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਜਹਾਜ਼ 'ਚ ਦਿੱਤੀ ਜਾਣ ਵਾਲੀ ਪੀ. ਪੀ. ਈ. ਕਿੱਟ 'ਤੇ 'ਟਫ ਕੁਕੀ' ਦਾ ਸਟਿੱਕਰ ਹੋਵੇਗਾ। ਹਵਾਈ ਜਹਾਜ਼ ਦੇ ਅੰਦਰ ਵੀ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।