ਇੰਡੀਗੋ 28 ਮਾਰਚ ਤੋਂ ਕੁਰਨੂਲ ਤੇ ਤਿੰਨ ਸ਼ਹਿਰਾਂ ਵਿਚਾਲੇ ਸ਼ੁਰੂ ਕਰੇਗੀ ਉਡਾਣਾਂ
Friday, Jan 29, 2021 - 03:30 PM (IST)
ਨਵੀਂ ਦਿੱਲੀ- ਇੰਡੀਗੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੁਰਨੂਲ ਅਤੇ ਬੇਂਗਲੁਰੂ, ਵਿਸ਼ਾਖਾਪਟਨਮ ਅਤੇ ਚੇਨੱਈ ਵਿਚਕਾਰ 28 ਮਾਰਚ ਤੋਂ ਖੇਤਰੀ ਸੰਪਰਕ ਯੋਜਨਾ 'ਉਡਾਣ' ਤਹਿਤ ਫਲਾਈਟਸ ਸ਼ੁਰੂ ਕਰਨ ਜਾ ਰਹੀ ਹੈ।
ਇੰਡੀਗੋ ਦੇ ਮੁੱਖ ਰਣਨੀਤੀ ਤੇ ਮਾਲ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ, "ਕੰਪਨੀ ਦੱਖਣੀ ਭਾਰਤ ਵਿਚ ਰਣਨੀਤਕ ਤੌਰ 'ਤੇ ਖੇਤਰੀ ਸੰਪਰਕ ਵਧਾਏਗੀ।''
ਏਅਰਲਾਈਨ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਂਗਲੁਰੂ-ਕੁਰਨੂਲ, ਵਿਸ਼ਾਖਾਪਟਨਮ-ਕੁਰਨੂਲ ਅਤੇ ਚੇਨੱਈ-ਕੁਰਨੂਲ ਤਿੰਨੋਂ ਮਾਰਗਾਂ 'ਤੇ ਖੇਤਰੀ ਸੰਪਰਕ ਯੋਜਨਾ ਤਹਿਤ ਹਰ ਹਫ਼ਤੇ ਚਾਰ ਦਿਨ ਉਡਾਣਾਂ ਉਪਲਬਧ ਹੋਣਗੀਆਂ।
ਉਡਾਣ ਯੋਜਨਾ ਤਹਿਤ ਸਰਕਾਰ ਵੱਲੋਂ ਏਅਰਲਾਈਨਾਂ ਨੂੰ ਕੁਝ ਛੋਟ ਦਿੱਤੀ ਜਾਂਦੀ ਹੈ, ਜਿਸ ਦਾ ਮਕਸਦ ਆਮ ਲੋਕਾਂ ਲਈ ਹਵਾਈ ਸਫ਼ਰ ਨੂੰ ਸਸਤਾ ਬਣਾਉਣਾ ਹੈ। ਇਸ ਯੋਜਨਾ ਤਹਿਤ 1 ਘੰਟੇ ਦੀ ਉਡਾਣ ਵਾਲੀ ਫਲਾਈਟ ਦੀ ਟਿਕਟ 2,500 ਰੁਪਏ ਤੋਂ ਸ਼ੁਰੂ ਹੁੰਦੀ ਹੈ। ਬਿਆਨ ਵਿਚ ਕਿਹਾ ਗਿਆ ਕਿ ਕੁਰਨੂਲ ਆਂਧਰਾ ਪ੍ਰਦੇਸ਼ ਦੀ ਨਿਆਂਇਕ ਰਾਜਧਾਨੀ ਹੈ ਅਤੇ ਉਸ ਦੀ ਪਹੁੰਚ ਨਾਲ ਨਾ ਸਿਰਫ ਸੈਲਾਨੀਆਂ ਨੂੰ ਮਦਦ ਮਿਲੇਗੀ ਸਗੋਂ ਸ਼ਹਿਰ ਆਉਣ-ਜਾਣ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਵੀ ਸਹਾਇਤਾ ਮਿਲੇਗੀ।