ਇੰਡੀਗੋ ਨੂੰ ਮਹਾਮਾਰੀ ਦੌਰਾਨ ਤਿੰਨ ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਪਈ ਲੋੜ

Tuesday, May 11, 2021 - 09:59 AM (IST)

ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਜਾਰੀ ਕਰਕੇ ਤਿੰਨ ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਇੰਡੀਗੋ ਦੀ ਪ੍ਰਮੋਟਰ ਕੰਪਨੀ ਇੰਟਰਗਲੋਬ ਐਵੀਏਸ਼ਨ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਹੈ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਸੰਸਥਾਗਤ ਨਿਵੇਸ਼ਕਾਂ ਨੂੰ ਸ਼ੇਅਰ ਜਾਰੀ ਕਰਕੇ ਤਿੰਨ ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਮਨਜ਼ੂਰੀ ਦਿੱਤੀ ਹੈ।

ਇਸ ਫ਼ੈਸਲੇ 'ਤੇ ਅਜੇ ਸ਼ੇਅਰਧਾਰਕਾਂ ਦੀ ਅਤੇ ਰੈਗੂਲੇਟਰੀ ਸੰਸਥਾਨਾਂ ਦੀ ਮੋਹਰ ਲੱਗਣੀ ਬਾਕੀ ਹੈ। ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਜਹਾਜ਼ ਸੇਵਾ ਕੰਪਨੀਆਂ ਦੀ ਵਿੱਤੀ ਸਥਿਤੀ ਕਮਜ਼ੋਰ ਹੋਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਇੰਡੀਗੋ ਨੇ ਹੋਰ ਪੂੰਜੀ ਜੁਟਾਉਣ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਪਿੱਛੋਂ ਘਰੇਲੂ ਜਹਾਜ਼ ਸੇਵਾ ਖੇਤਰ ਪਟੜੀ 'ਤੇ ਆਉਂਦਾ ਦਿਖਾਈ ਦੇ ਰਿਹਾ ਸੀ ਪਰ ਦੂਜੀ ਲਹਿਰ ਨੇ ਇਕ ਵਾਰ ਫਿਰ ਉਸ ਨੂੰ ਉਲਟੀ ਦਿਸ਼ਾ ਵਿਚ ਮੋੜ ਦਿੱਤਾ ਹੈ। 

ਗੌਰਤਲਬ ਹੈ ਕਿ ਹਵਾਈ ਮੁਸਾਫ਼ਰਾਂ ਦੀ ਗਿਣਤੀ ਵੀ ਘਟਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਏਅਰਲਾਈਨਾਂ 'ਤੇ ਹੋਰ ਬੋਝ ਵਧਣਾ ਸ਼ੁਰੂ ਹੋ ਗਿਆ ਹੈ। ਇਸ ਵਿਚਕਾਰ ਘਰੇਲੂ ਜਹਾਜ਼ ਸੇਵਾ ਕੰਪਨੀਆਂ ਨੇ ਹਾਲ ਹੀ ਵਿਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੋਵਿਡ ਨੈਗੇਟਿਵ ਦੀ ਜਗ੍ਹਾ ਫਿਟ ਟੂ ਫਲਾਈ ਪ੍ਰਮਾਣ ਵਿਵਸਥਾ ਲਾਗੂ ਕਰਨ ਦੀ ਮੰਗ ਕੀਤੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਕੋਵਿਡ ਟੈਸਟਿੰਗ ਦੀ ਰਿਪੋਰਟ ਵਿਚ ਦੇਰੀ ਨਾਲ ਲੋਕ ਯਾਤਰਾਵਾਂ ਰੱਦ ਕਰ ਰਹੇ ਹਨ।


Sanjeev

Content Editor

Related News