Indigo ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ
Thursday, Aug 12, 2021 - 01:09 PM (IST)
ਨਵੀਂ ਦਿੱਲੀ - ਬਜਟ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਲਈ ਨਵੀਂ ਸੇਵਾ ਦਾ ਐਲਾਨ ਕੀਤਾ ਹੈ। ਏਅਰਲਾਈਨ ਕੰਪਨੀ ਨੇ ਤਰਜੀਹੀ ਚੈਕ-ਇਨ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਯਾਤਰੀਆਂ ਨੂੰ ਏਅਰਪੋਰਟ ਦੇ ਬੋਰਡਿੰਗ ਗੇਟਾਂ 'ਤੇ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ। ਹਾਲਾਂਕਿ, ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ 'ਤੇ ਪ੍ਰਤੀ ਉਡਾਣ ਸੀਮਤ ਗਿਣਤੀ ਦੇ ਯਾਤਰੀਆਂ ਲਈ ਤਰਜੀਹੀ ਬੋਰਡਿੰਗ ਸਹੂਲਤ ਉਪਲਬਧ ਹੋਵੇਗੀ।
ਸਰਵਿਸ ਚਾਰਜ
ਕੰਪਨੀ ਵੱਲੋਂ ਜਾਰੀ ਬਿਆਨ ਅਨੁਸਾਰ ਏਅਰਲਾਈਨਜ਼ ਨੇ ਕਿਹਾ ਕਿ ਬੁਕਿੰਗ ਪ੍ਰਕਿਰਿਆ ਦੌਰਾਨ ਗਾਹਕ ਇੰਡੀਗੋ ਦੀ ਵੈਬਸਾਈਟ, ਮੋਬਾਈਲ ਐਪ ਜਾਂ ਕਾਲ ਸੈਂਟਰ ਰਾਹੀਂ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਇਨ੍ਹਾਂ ਰਾਹੀਂ ਟਿਕਟਾਂ ਦੀ ਬੁਕਿੰਗ ਕਰਕੇ, ਇਸ ਨੂੰ ਮਾਈ ਬੁਕਿੰਗ ਪੋਰਟਲ ਰਾਹੀਂ 400 ਰੁਪਏ ਪ੍ਰਤੀ ਯਾਤਰੀ ਦੀ ਮਾਮੂਲੀ ਕੀਮਤ 'ਤੇ ਜੋੜਿਆ ਜਾ ਸਕਦਾ ਹੈ। ਸ਼ੁਰੂ ਵਿੱਚ ਇਹ ਸੇਵਾ ਮੈਟਰੋ ਸ਼ਹਿਰਾਂ ਦੇ ਵਿੱਚ ਘਰੇਲੂ ਯਾਤਰਾ 'ਤੇ ਉਪਲਬਧ ਹੋਵੇਗੀ। ਬਾਅਦ ਵਿੱਚ ਇਸਨੂੰ ਪੜਾਅਵਾਰ ਤਰੀਕੇ ਨਾਲ ਪੂਰੇ ਘਰੇਲੂ ਨੈਟਵਰਕ ਲਈ ਖੋਲ੍ਹ ਦਿੱਤਾ ਜਾਵੇਗਾ।
ਜਾਣੋ ਇੰਡੀਗੋ ਨੇ ਕੀ ਕਿਹਾ?
ਇੰਡੀਗੋ ਦੇ ਮੁੱਖ ਸਕੱਤਰ ਅਤੇ ਮਾਲੀਆ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ, “ਇੰਡੀਗੋ ਵਿਖੇ, ਅਸੀਂ ਹਮੇਸ਼ਾਂ ਆਪਣੇ ਗਾਹਕਾਂ ਲਈ ਯਾਤਰਾ ਦੇ ਤਜ਼ਰਬੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਤਰਜੀਹੀ ਬੋਰਡਿੰਗ ਨਾ ਸਿਰਫ ਗਾਹਕਾਂ ਨੂੰ ਬੋਰਡਿੰਗ ਗੇਟ 'ਤੇ ਸਮਾਂ ਬਚਾਉਣ ਵਿੱਚ ਸਹਾਇਤਾ ਕਰੇਗੀ, ਬਲਕਿ ਪਰਿਵਾਰਾਂ ਅਤੇ ਸੀਨੀਅਰ ਨਾਗਰਿਕਾਂ ਲਈ ਆਰਾਮਦਾਇਕ ਯਾਤਰਾ ਵੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਅਸੀਂ ਯਾਤਰੀਆਂ ਲਈ ਸਭ ਤੋਂ ਸੁਰੱਖਿਅਤ ਵਿਕਲਪ ਵਜੋਂ ਹਵਾਈ ਯਾਤਰਾ ਨੂੰ ਮਜ਼ਬੂਤ ਕਰਨ ਦੇ ਉਪਾਵਾਂ ਅਤੇ ਸੇਵਾਵਾਂ ਵੱਲ ਨਿਰੰਤਰ ਕੰਮ ਕਰ ਰਹੇ ਹਾਂ।