ਫਰਾਂਸ ਤੋਂ ਬਾਅਦ ਹੁਣ ਬ੍ਰਿਟੇਨ ਨੂੰ ਪਛਾੜ ਕੇ ਜਲਦ ਟਾਪ-5 ’ਚ ਸ਼ਾਮਲ ਹੋ ਸਕਦੈ ਭਾਰਤੀ ਸ਼ੇਅਰ ਬਾਜ਼ਾਰ

Tuesday, Oct 12, 2021 - 12:59 PM (IST)

ਫਰਾਂਸ ਤੋਂ ਬਾਅਦ ਹੁਣ ਬ੍ਰਿਟੇਨ ਨੂੰ ਪਛਾੜ ਕੇ ਜਲਦ ਟਾਪ-5 ’ਚ ਸ਼ਾਮਲ ਹੋ ਸਕਦੈ ਭਾਰਤੀ ਸ਼ੇਅਰ ਬਾਜ਼ਾਰ

ਬਿਜ਼ਨੈੱਸ ਡੈਸਕ– ਭਾਰਤ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਬਾਜ਼ਾਰ ਪੂੰਜੀਕਰਨ ’ਚ ਜ਼ਬਰਦਸਤ ਵਾਧਾ ਹੋਇਆ ਹੈ। ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਭਾਰਤੀ ਸ਼ੇਅਰ ਬਾਜ਼ਾਰ ਪੰਜਵੇਂ ਸਥਾਨ ’ਤੇ ਆ ਸਕਦਾ ਹੈ। ਸਤੰਬਰ ’ਚ ਹੀ ਇਹ ਫਰਾਂਸ ਨੂੰ ਪਿੱਛੇ ਛੱਡ ਕੇ 6ਵੇਂ ਸਥਾਨ ’ਤੇ ਆ ਗਿਆ ਸੀ। ਰਿਕਾਰਡ ਘੱਟੋ-ਘੱਟ ਵਿਆਜ਼ ਦਰ ਅਤੇ ਪਰਚੂਣ ਨਿਵੇਸ਼ ਭਾਰਤ ਦੇ ਸ਼ੇਅਰ ਬਾਜ਼ਾਰ ਨੂੰ ਰਿਕਾਰਡ ਹਾਈ ’ਤੇ ਲੈ ਜਾਣ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। 

37 ਫੀਸਦੀ ਵਧਿਆ ਬਾਜ਼ਾਰ ਪੂੰਜੀਕਰਨ
ਬਲੂਮਬਰਗ ਦੀ ਰਿਪੋਰਟ ਮੁਤਾਬਕ, ਭਾਰਤੀ ਸ਼ੇਅਰ ਬਾਜ਼ਾਰ ਦਾ ਬਾਜ਼ਾਰ ਪੂੰਜੀਕਰਨ ਇਸ ਸਾਲ 37 ਫੀਸਦੀ ਵਧ ਕੇ 3.46 ਲੱਖ ਕਰੋੜ ਡਾਲਰ ਹੋ ਗਿਆ ਹੈ। ਉਥੇ ਹੀ ਬ੍ਰਿਟੇਨ ਦਾ ਬਾਜ਼ਾਰ ਪੂੰਜੀਕਰਨ ਇਸ ਸਾਲ 9 ਫੀਸਦੀ ਵਧ ਕੇ 3.59 ਲੱਖ ਕਰੋੜ ਡਾਲਰ ਤਕ ਪਹੁੰਚ ਗਿਆ ਹੈ। ਲੰਡਨ ਐਂਡ ਕੈਪਿਟਲ ਐਸੇਟ ਮੈਨੇਜਮੈਂਟ ’ਚ ਇਕਵੀਟੀਜ਼ ਦੇ ਹੈੱਡ Roger Jones ਨੇ ਕਿਹਾ ਕਿ ਭਾਰਤ ਦਾ ਸ਼ੇਅਰ ਬਾਜ਼ਾਰ ਬਹੁਤ ਆਕਰਸ਼ਕ ਲੱਗ ਰਿਹਾ ਹੈ। ਦੇਸ਼ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਹੈ। ਉਥੇ ਹੀ ਬ੍ਰਿਟੇਨ ਦੀ ਅਰਥਵਿਵਸਥਾ ਬ੍ਰੇਕਜ਼ਿਟ ਰੈਫਰੈਂਡਮ ਦੇ ਨਤੀਜਿਆਂ ਤੋਂ ਬਾਅਦ ਸ਼ੰਘਰਸ਼ ਕਰ ਰਹੀ ਹੈ। 

ਮਾਰਚ 2020 ’ਚ ਜਦੋਂ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਨੇ ਦਸਤਕ ਦਿੱਤੀ ਤਾਂ ਸ਼ੇਅਰ ਬਾਜ਼ਾਰ ਧੜੰਮ ਹੋਇਆ ਸੀ ਪਰ ਹੁਣ ਬੀ.ਐੱਸ.ਈ. ਸੈਂਸੈਕਸ ਪਿਛਲੇ ਸਾਲ ਮਾਰਚ ਤੋਂ ਬਾਅਦ 130 ਫੀਸਦੀ ਉਛਲ ਚੁੱਕਾ ਹੈ। ਇਸ ਨੇ ਪਿਛਲੇ 5 ਸਾਲਾਂ ’ਚ ਨਿਵੇਸ਼ਕਾਂ ਨੂੰ ਸਾਲਾਨਾ 15 ਫੀਸਦੀ ਰਿਟਰਨ ਦਿੱਤਾ ਹੈ। ਉਥੇ ਹੀ ਬ੍ਰਿਟੇਨ ਦੇ ਬੈਂਚਮਾਰਕ FTSE 100 Index ਨੇ ਇਸ ਦੌਰਾਨ 6 ਫੀਸਦੀ ਦਾ ਰਿਟਰਨ ਦਿੱਤਾ ਹੈ। 

ਇਨ੍ਹਾਂ ਕਾਰਕਾਂ ਕਰਕੇ ਆ ਰਿਹਾ ਉਛਾਲ
ਜੇਕਰ ਇਸੇ ਤਰ੍ਹਾਂ ਵਿਦੇਸ਼ੀ ਨਿਵੇਸ਼ (FDI) ਲਗਾਤਾਰ ਵਧਦਾ ਰਿਹਾ ਤਾਂ ਦੀਵਾਲੀ ਤਕ ਘਰੇਲੂ ਬਾਜ਼ਾਰ ਦੁਬਾਰਾ ਰਿਕਾਰਡ ਪੱਧਰ ’ਤੇ ਪਹੁੰਚ ਸਕਦਾ ਹੈ। ਟੀਕਾਕਰਨ ਨਾਲ ਨਿਵੇਸ਼ਕਾਂ ’ਚ ਕੋਰੋਨਾ ਦਾ ਡਰ ਵੀ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਜੀ.ਡੀ.ਪੀ. ’ਚ ਵਾਧੇ ਦੇ ਸੰਕੇਤਾਂ ਦੀ ਉਮੀਦ ਨਾਲ ਵੀ ਬਾਜ਼ਾਰ ’ਚ ਇਨ੍ਹੀਂ ਦਿਨੀਂ ਉਛਾਲ ਆ ਰਿਹਾ ਹੈ। ਗਲੋਬਲ ਬਾਜ਼ਾਰਾਂ ਤੋਂ ਹਾਂ-ਪੱਖੀ ਸੰਕੇਤਾਂ ਆਦਿ ਤੋਂ ਪ੍ਰਭਾਵਿਤ ਹੋ ਕੇ ਬਾਜ਼ਾਰ ਜਲਦ ਹੀ ਨਵੇਂ ਸ਼ਿਖ਼ਰ ’ਤੇ ਪਹੁੰਚ ਜਾਵੇਗਾ। ਜਿਸ ਤਰ੍ਹਾਂ ਭਾਰਤੀ ਸ਼ੇਅਰ ਬਾਜ਼ਾਰ ’ਚ ਤੇਜ਼ੀ ਆ ਰਹੀ ਹੈ, ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਾਜ਼ਾਰ ਪੂੰਜੀਕਰਨ ਦੇ ਮਾਮਲੇ ’ਚ ਇਹ ਬ੍ਰਿਟੇਨ ਨੂੰ ਵੀ ਪਿੱਛੇ ਛੱਡ ਦੇਵੇਗਾ। 

ਸਾਲ 2020 ਦੀ ਤਰ੍ਹਾਂ ਇਸ ਸਾਲ ਵੀ ਆਈ.ਪੀ.ਓ. ਬਾਜ਼ਾਰ ਗੁਲਜ਼ਾਰ ਰਿਹਾ ਹੈ। ਹਾਲ ਹੀ ’ਚ ਕਈ ਕੰਪਨੀਆਂ ਨੇ ਆਪਣਾ ਆਈ.ਪੀ.ਓ. ਪੇਸ਼ ਕੀਤਾ ਹੈ। ਨਵੀਆਂ ਸੂਚੀਬੱਧ ਕੰਪਨੀਆਂ ਦੇ ਯੋਗਦਾਨ ਨਾਲ ਵੀ ਇਸ ਸਾਲ ਬਾਜ਼ਾਰ ਵਧਿਆ ਹੈ। 


author

Rakesh

Content Editor

Related News