ਕੋਵਿਡ-19 ਕਾਰਣ ਪ੍ਰੇਸ਼ਾਨ ਰਿਹਾ ਭਾਰਤੀ ਜਹਾਜ਼ਰਾਨੀ ਖੇਤਰ

12/27/2020 3:18:48 PM

ਨਵੀਂ ਦਿੱਲੀ (ਭਾਸ਼ਾ) – ਜਹਾਜ਼ਰਾਨੀ ਖੇਤਰ ਨੂੰ ਸਮਾਪਤ ਹੋ ਰਹੇ ਸਾਲ 2020 ’ਚ ਕੋਵਿਡ-19 ਮਹਾਮਾਰੀ ਅਤੇ ਦੁਨੀਆ ਭਰ ਦੇ ਦੇਸ਼ਾਂ ’ਚ ਲਾਕਡਾਊਨ ਨਾਲ ਲੋਕਾਂ ਦੇ ਆਉਣ-ਜਾਣ ’ਤੇ 2020 ’ਚ ਲੰਮੇ ਸਮੇਂ ਤੱਕ ਪਾਬੰਦੀ ਦਾ ਵੱਡਾ ਨੁਕਸਾਨ ਉਠਾਉਣਾ ਪਿਆ। ਘਰੇਲੂ ਜਹਾਜ਼ਰਾਨੀ ਕੰਪਨੀਆਂ, ਹਵਾਈ ਅੱਡਾ ਕੰਪਨੀਆਂ ਵੀ ਇਸ ਤੋਂ ਵਾਂਝੀਆਂ ਨਾ ਰਹੀਆਂ। ਲਾਕਡਾਊਨ ’ਚ ਏਅਰਲਾਇੰਸ ਕੰਪਨੀਆਂ ਦਾ ਕਾਰੋਬਾਰ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਿਆ ਅਤੇ ਕਮਾਈ ਬੰਦ ਹੋ ਗਈ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਕਰਮਚਾਰੀਆਂ ਨੂੰ ਕੰਮ ਤੋਂ ਕੱਢਣਾ ਪਿਆ, ਕੁਝ ਨੂੰ ਬਿਨਾਂ ਤਨਖਾਹ ਦੀਆਂ ਛੁੱਟੀਆਂ ’ਤੇ ਭੇਜਣਾ ਪਿਆ ਅਤੇ ਕਈ ਲੋਕਾਂ ਦੀ ਤਨਖਾਹ ਵੀ ਘੱਟ ਹੋਈ।

ਮਹਾਮਾਰੀ ਅਤੇ ਲਾਕਡਾਊਨ ਕਾਰਣ ਦੇਸ਼ ’ਚ ਸਾਰੀਆਂ ਨਿਯਮਿਤ ਉਡਾਨਾਂ 23 ਮਾਰਚ ਤੋਂ 25 ਮਈ ਤੱਕ ਬੰਦ ਰਹੀਆਂ। ਬਾਅਦ ’ਚ ਸੀਮਤ ਸਮਰੱਥਾ ਨਾਲ 25 ਮਈ ਤੋਂ ਉਡਾਨਾਂ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਗਿਆ। ਨਿਯਮਿਤ ਕੌਮਾਂਤਰੀ ਉਡਾਨਾਂ ਹਾਲੇ ਵੀ ਰੱਦ ਹਨ। ਮਹਾਮਾਰੀ ਕਾਰਣ ਦੇਸ਼ ਦੀ ਦੋ ਸਭ ਤੋਂ ਵੱਡੀਆਂ ਜਹਾਜ਼ਰਾਨੀ ਕੰਪਨੀਆਂ ਇੰਡੀਗੋ ਅਤੇ ਸਪਾਈਸਜੈੱਟ ਨੂੰ ਵਿੱਤੀ ਸਾਲ 2020-21 ਦੀ ਪਹਿਲੀ ਅਤੇ ਦੂਜੀ ਤਿਮਾਹੀ ’ਚ ਵੱਡਾ ਨੁਕਸਾਨ ਉਠਾਉਣਾ ਪਿਆ।

ਸਾਲ 2019-20 ’ਚ ਦੇਸ਼ ’ਚ ਲਗਭਗ 20.5 ਕਰੋੜ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਸੀ। ਇਸ ’ਚ 14 ਕਰੋੜ ਘਰੇਲੂ ਯਾਤਰੀ ਅਤੇ 6.5 ਕਰੋੜ ਕੌਮਾਂਤਰੀ ਹਵਾਈ ਯਾਤਰੀ ਸਨ। ਸਾਲ 2018 ’ਚ ਏਅਰ ਇੰਡੀਆ ਦੀ ਵਿਕਰੀ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸਰਕਾਰ ਨੇ ਇਸ ਸਾਲ ਜਨਵਰੀ ’ਚ ਮੁੜ ਇਸ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਮਹਾਮਾਰੀ ਕਾਰਣ ਇਸ ਲਈ ਬੋਲੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ ਸਰਕਾਰ ਨੂੰ ਪੰਜ ਵਾਰ ਵਧਾਉਣੀ ਪਈ। ਅਖੀਰ 14 ਦਸੰਬਰ ਨੂੰ ਇਸ ਲਈ ਆਖਰੀ ਬੋਲੀਆਂ ਸਵੀਕਾਰ ਕੀਤੀਆਂ ਗਈਆਂ। ਹੁਣ ਯੋਗ ਬੋਲੀਦਾਤਾਵਾਂ ਦੇ ਨਾਵਾਂ ਦਾ ਐਲਾਨ 5 ਜਨਵਰੀ ਨੂੰ ਹੋਣਾ ਹੈ।


Harinder Kaur

Content Editor

Related News