ਲੋਕਾਂ ਨੂੰ ਵੱਡਾ ਝਟਕਾ ! 80 ਤੋਂ ਵੱਧ ਟਰੇਨਾਂ ਰੱਦ, ਇਹ ਟਿਕਟ ਵੀ ਹੋਈ ਮਹਿੰਗੀ
Wednesday, Mar 18, 2020 - 03:36 PM (IST)
ਨਵੀਂ ਦਿੱਲੀ— ਰੇਲਵੇ ਨੇ 80 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 250 ਤੋਂ ਵੱਧ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੇ ਪੈਸੇ ਵੀ ਵਧਾਉਣ ਦੇ ਹੁਕਮ ਦਿੱਤੇ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਵੱਖ-ਵੱਖ ਜ਼ੋਨਾਂ 'ਚ ਭੀੜ ਘੱਟ ਕਰਨ ਲਈ ਰੇਲਵੇ ਨੇ ਇਹ ਕਦਮ ਉਠਾਇਆ ਹੈ।
18 ਮਾਰਚ ਤੋਂ 1 ਅਪ੍ਰੈਲ ਤੱਕ 85 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 147 ਹੋ ਗਏ ਹਨ। ਸਭ ਤੋਂ ਵੱਧ 40 ਮਾਮਲੇ ਮਹਾਰਾਸ਼ਟਰ 'ਚ ਹਨ।
ਉੱਥੇ ਹੀ, ਹੁਣ ਤੱਕ ਭਾਰਤ 'ਚ ਕੋਵਿਡ-19 ਦੇ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਰੇਲਵੇ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕਈ ਰਾਜਾਂ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਮੰਗ ਘੱਟ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਟੇਸ਼ਨ 'ਤੇ ਬਾਇ-ਬਾਇ ਹੋਈ ਮਹਿੰਗੀ
ਭਾਰਤੀ ਰੇਲਵੇ ਦੇ ਅਧਿਕਾਰੀ ਮੁਤਾਬਕ, ਕੇਂਦਰੀ ਰੇਲਵੇ ਨੇ 23 ਟਰੇਨਾਂ ਨੂੰ ਰੱਦ ਕੀਤਾ ਹੈ। ਦੱਖਣੀ ਕੇਂਦਰੀ ਰੇਲਵੇ ਨੇ 29 ਟਰੇਨਾਂ ਨੂੰ, ਪੱਛਮੀ ਰੇਲਵੇ ਨੇ 10 ਟਰੇਨਾਂ ਨੂੰ, ਉੱਤਰੀ ਰੇਲਵੇ ਨੇ 5, ਉੱਤਰੀ ਪੱਛਮੀ ਰੇਲਵੇ ਨੇ 4, ਪੂਰਬੀ ਤੱਟ ਰੇਲਵੇ ਨੇ ਪੰਜ ਅਤੇ ਦੱਖਣੀ ਪੂਰਬੀ ਰੇਲਵੇ ਨੇ 18 ਟਰੇਨਾਂ ਨੂੰ 1 ਅਪ੍ਰੈਲ ਤੱਕ ਲਈ ਰੱਦ ਕੀਤਾ ਹੈ। ਉੱਥੇ ਹੀ, ਸਟੇਸ਼ਨਾਂ 'ਤੇ ਭੀੜ ਨੂੰ ਘੱਟ ਕਰਨ ਲਈ ਪਲੇਟਫਮਾਰਮ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਦੀ ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਕਦਮ ਅਸਥਾਈ ਤੌਰ 'ਤੇ ਚੁੱਕੇ ਗਏ ਹਨ।
ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਨੇ ਸਾਰੇ ਡੀ. ਆਰ. ਐੱਮਜ਼. ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਸਟੇਸ਼ਨਾਂ 'ਤੇ ਭੀੜ ਬਹੁਤ ਰਹਿੰਦੀ ਹੈ ਉੱਥੇ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਨੂੰ 50 ਰੁਪਏ ਕਰ ਦਿੱਤਾ ਜਾਵੇ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਵੀ ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ ਵਧਾ ਕੇ 50 ਰੁਪਏ ਕਰ ਦਿੱਤੀਆਂ ਗਈਆਂ ਹਨ। ਪਲੇਟਫਾਰਮ ਟਿਕਟਾਂ ਦੀਆਂ ਕੀਮਤਾਂ 'ਚ ਇਹ ਵਾਧਾ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭੀੜ ਨੂੰ ਘਟਾਉਣ ਲਈ ਸਿਰਫ ਕੁਝ ਸਮੇਂ ਹੀ ਲਈ ਹੀ ਕੀਤਾ ਗਿਆ ਹੈ, ਯਾਨੀ ਇਹ ਪੱਕੇ ਤੌਰ 'ਤੇ ਨਹੀਂ ਲਾਗੂ ਰਹਿਣ ਵਾਲਾ।
ਇਹ ਵੀ ਪੜ੍ਹੋ ►'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ ► ਵਿਦੇਸ਼ ਜਾਣਾ ਹੋ ਰਿਹੈ 'ਔਖਾ', ਗ੍ਰਾਊਂਡ ਹੋ ਰਹੇ ਜਹਾਜ਼, ਇਹ ਵੀ ਉਡਾਣਾਂ ਰੱਦ
ਕੀ ਹੈ ਪਲੇਟਫਾਰਮ ਟਿਕਟ-
ਰੇਲਵੇ ਨਿਯਮਾਂ ਮੁਤਾਬਕ, ਯਾਤਰੀ ਹੀ ਸਟੇਸ਼ਨ ਪਲੇਟਫਾਰਮ 'ਤੇ ਦਾਖਲ ਹੋ ਸਕਦੇ ਹਨ ਪਰ ਸੀਮਤ ਗਿਣਤੀ 'ਚ ਸਟੇਸ਼ਨ 'ਤੇ ਉਹ ਵਿਅਕਤੀ ਵੀ ਆ ਸਕਦੇ ਹਨ ਜੋ ਯਾਤਰੀ ਨਹੀਂ ਹਨ ਪਰ ਰਿਸ਼ਤੇਦਾਰ ਜਾਂ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਨਜ਼ਦੀਕੀ ਮਿੱਤਰ ਨੂੰ ਸਟੇਸ਼ਨ ਲੈਣ ਜਾਂ ਛੱਡਣ ਆਉਂਦੇ ਹਨ।
ਰੇਲਵੇ ਸਟੇਸ਼ਨਾਂ 'ਤੇ ਹੁਣ 50 ਰੁਪਏ ਪ੍ਰਤੀ ਵਿਅਕਤੀ ਭੁਗਤਾਨ ਕਰਕੇ ਪਲੇਟਫਾਰਮ ਟਿਕਟ ਖਰੀਦੀ ਜਾ ਸਕਦੀ ਹੈ। ਇਸ ਟਿਕਟ ਦੀ ਵੈਲਡਿਟੀ ਜਾਰੀ ਹੋਣ ਦੇ ਸਮੇਂ ਤੋਂ ਦੋ ਘੰਟੇ ਤਕ ਰਹਿੰਦੀ ਹੈ ਅਤੇ ਇਹ ਜਾਣਕਾਰੀ ਟਿਕਟ 'ਤੇ ਲਿਖੀ ਹੁੰਦੀ ਹੈ। ਪਲੇਟਫਾਰਮ ਛੱਡਦੇ ਸਮੇਂ ਟਿਕਟ ਧਾਰਕ ਨੂੰ ਇਹ ਟਿਕਟ ਡਿਊਟੀ 'ਤੇ ਤਾਇਨਾਤ ਟਿਕਟ ਕੁਲੈਕਟਰ ਨੂੰ ਦੇਣੀ ਹੁੰਦੀ ਹੈ। ਜੇਕਰ ਕੋਈ ਪਲੇਟਫਾਰਮ ਟਿਕਟ ਖਰੀਦਣਾ ਭੁੱਲ ਜਾਂਦਾ ਹੈ ਤਾਂ ਰੇਲਵੇ ਦਾ ਟਿਕਟ ਚੈਕਿੰਗ ਸਟਾਫ ਉਸ ਨੂੰ ਜੁਰਮਾਨਾ ਲਾ ਸਕਦਾ ਹੈ।
ਇਹ ਵੀ ਪੜ੍ਹੋ ► ਯੈੱਸ ਬੈਂਕ 'ਤੇ ਸ਼ਾਮ ਤੋਂ ਹਟੇਗੀ ਪਾਬੰਦੀ, ਕਢਾ ਸਕੋਗੇ 'ਜਿੰਨਾ' ਚਾਹੋ ਕੈਸ਼ ► ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ