ਇੰਡੀਅਨ ਓਵਰਸੀਜ਼ ਬੈਂਕ ਨੂੰ ਦੂਜੀ ਤਿਮਾਹੀ 'ਚ 148 ਕਰੋੜ ਰੁਪਏ ਦਾ ਮੁਨਾਫਾ
Friday, Nov 06, 2020 - 06:36 PM (IST)
ਨਵੀਂ ਦਿੱਲੀ- ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 148 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ।
ਬੈਂਕ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੈਂਕ ਨੇ ਕਿਹਾ ਕਿ ਜਾਇਦਾਦ ਦੀ ਗੁਣਵੱਤਾ ਵਿਚ ਸੁਧਾਰ ਦਾ ਫਾਇਦਾ ਹੋਇਆ ਹੈ। ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਬੈਂਕ ਨੂੰ 2,254 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਬੈਂਕ ਦਾ ਸ਼ੁੱਧ ਲਾਭ 22.3 ਫੀਸਦੀ ਵਧਿਆ ਹੈ। ਬੈਂਕ ਨੂੰ ਪਹਿਲੀ ਤਿਮਾਹੀ ਵਿਚ 121 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।
ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਇਸ ਅਰਸੇ ਦੌਰਾਨ ਇਸਦੀ ਕੁੱਲ ਆਮਦਨ 8.1 ਫ਼ੀਸਦੀ ਵੱਧ ਕੇ 5,431 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ 5,024 ਕਰੋੜ ਰੁਪਏ ਸੀ। ਇਸ ਮਿਆਦ ਦੌਰਾਨ, ਉਸ ਦੀ ਵਿਆਜ ਤੋਂ ਆਮਦਨੀ ਇਕ ਸਾਲ ਪਹਿਲਾਂ ਦੇ 4,276 ਕਰੋੜ ਰੁਪਏ ਤੋਂ ਵੱਧ ਕੇ 4,363 ਕਰੋੜ ਰੁਪਏ ਹੋ ਗਈ। ਇਸ ਮਿਆਦ ਦੌਰਾਨ, ਬੈਂਕ ਦਾ ਐੱਨ. ਪੀ. ਏ. 20 ਫੀਸਦੀ ਤੋਂ ਘੱਟ ਕੇ 13.04 ਫੀਸਦੀ 'ਤੇ ਰਿਹਾ। ਮੁੱਲ ਦੇ ਹਿਸਾਬ ਨਾਲ ਇਹ 28,673.95 ਕਰੋੜ ਰੁਪਏ ਤੋਂ ਘੱਟ ਕੇ 17,659.63 ਕਰੋੜ ਰੁਪਏ 'ਤੇ ਆ ਗਿਆ।