ਇੰਡੀਅਨ ਆਇਲ ਨੇ ਪੇਸ਼ ਕੀਤਾ ਨਵਾਂ ਪ੍ਰੀਮੀਅਮ ਗ੍ਰੇਡ ਪੈਟਰੋਲ XP 100

12/01/2020 9:34:03 PM

ਨਵੀਂ ਦਿੱਲੀ— ਭਾਰਤ ਦੀ ਤੇਲ ਮਾਰਕੀਟਿੰਗ ਖੇਤਰ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਨੇ ਮੰਗਲਵਾਰ ਨੂੰ ਭਾਰਤ ਦਾ ਪਹਿਲਾ ਇਕ ਨਵਾਂ ਪ੍ਰੀਮੀਅਮ ਗ੍ਰੇਡ ਪੈਟਰੋਲ ਓਕਟੇਨ-100 ਲਾਂਚ ਕੀਤਾ ਹੈ, ਜਿਸ ਦਾ ਬ੍ਰਾਂਡ ਨਾਂ ਐਕਸ. ਪੀ.-100 ਹੈ। ਇਸ ਨਾਲ ਭਾਰਤ ਵੀ ਹੁਣ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ ਜਿੱਥੇ ਦੇ ਬਾਜ਼ਾਰਾਂ 'ਚ ਇਸ ਤਰ੍ਹਾਂ ਦਾ ਉੱਚ ਗੁਣਵੱਤਾ ਵਾਲਾ ਈਂਧਣ ਉਪਲਬਧ ਹੈ।

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਈਂਧਣ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਐਕਸ. ਪੀ.-100 ਪ੍ਰੀਮੀਅਮ ਪੈਟਰੋਲ ਸ਼ੁਰੂਆਤ 'ਚ ਦਿੱਲੀ, ਗੁੜਗਾਓਂ, ਨੋਇਡਾ, ਆਗਰਾ, ਜੈਪੁਰ, ਚੰਡੀਗੜ੍ਹ, ਲੁਧਿਆਣਾ, ਮੁੰਬਈ, ਪੁਣੇ ਅਤੇ ਅਹਿਮਦਾਬਾਦ 'ਚ ਆਈ. ਓ. ਸੀ. ਦੇ ਪੈਟਰੋਲ ਪੰਪਾਂ 'ਤੇ ਉਪਲਬਧ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਈਂਧਣ ਉੱਤਰ ਪ੍ਰਦੇਸ਼ 'ਚ ਆਈ. ਓ. ਸੀ. ਦੀ ਮਥੁਰਾ ਰਿਫਾਇਨਰੀ 'ਚ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਚੋਣਵੇਂ ਪੈਟਰੋਲ ਪੰਪਾਂ 'ਤੇ ਸਪਲਾਈ ਸ਼ੁਰੂ ਕੀਤੀ ਗਈ ਹੈ।

ਵਿਸ਼ਵ ਭਰ 'ਚ 100 ਓਕਟੇਨ ਪੈਟਰੋਲ ਦਾ ਲਗਜ਼ਰੀ ਵਾਹਨਾਂ ਲਈ ਸ਼ਾਨਦਾਰ ਬਾਜ਼ਾਰ ਹੈ। ਇਹ ਸਿਰਫ ਛੇ ਦੇਸ਼ਾਂ ਅਮਰੀਕਾ, ਜਰਮਨੀ, ਯੂਨਾਨ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਇਜ਼ਰਾਇਲ 'ਚ ਉਪਲਬਧ ਹੈ। ਜ਼ਿਆਦਾਤਰ ਪ੍ਰਚੂਨ ਸਟੇਸ਼ਨਾਂ 'ਤੇ ਓਕਟੇਨ ਪੈਟਰੋਲ ਦੇ ਤਿੰਨ ਪ੍ਰਕਾਰ 87 (ਰੈਗੂਲਰ), 89 (ਦਰਮਿਆਨਾ ਗ੍ਰੇਡ) ਅਤੇ 91-94 (ਪ੍ਰੀਮੀਅਮ) ਉਪਲਬਧ ਹੁੰਦੇ ਹਨ। ਪ੍ਰਧਾਨ ਨੇ ਕਿਹਾ ਕਿ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੇ ਹਾਲ ਹੀ 'ਚ ਓਕਟੇਨ 99 ਪੇਸ਼ ਕੀਤਾ ਸੀ ਅਤੇ ਹੁਣ ਆਈ. ਓ. ਸੀ. ਐਕਸ. ਪੀ.-100 ਦੇ ਨਾਲ ਬਾਜ਼ਾਰ 'ਚ ਆਇਆ ਹੈ। ਉਨ੍ਹਾਂ ਕਿਹਾ, ''ਇਹ ਭਾਰਤ ਦੀ ਤਕਨੀਕੀ ਤਰੱਕੀ ਦਾ ਪ੍ਰਮਾਣ ਹੈ ਅਤੇ ਸਾਡੀਆਂ ਰਿਫਾਇਨਰੀਆਂ 'ਚ ਇਸ ਦਾ ਨਿਰਮਾਣ ਆਤਮਨਿਰਭਰ ਭਾਰਤ ਦਾ ਇਕ ਬਿਹਤਰ ਉਦਾਹਰਣ ਹੈ।''


Sanjeev

Content Editor

Related News