2021 ''ਚ 7.3 ਫ਼ੀਸਦੀ ਦੀ ਦਰ ਨਾਲ ਵੱਧ ਸਕਦੀ ਹੈ ਭਾਰਤੀ ਆਰਥਿਕਤਾ

01/26/2021 1:23:09 PM

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ 2021 ਵਿਚ ਭਾਰਤ ਦੀ ਆਰਥਿਕਤਾ 7.3 ਫ਼ੀਸਦੀ ਦੀ ਦਰ ਨਾਲ ਵਿਕਾਸ ਕਰ ਸਕਦੀ ਹੈ, ਜਦਕਿ ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਹੋਣ ਕਾਰਨ 2020 ਵਿਚ ਇਸ ਵਿਚ 9.6 ਫ਼ੀਸਦੀ ਗਿਰਾਵਟ ਹੋਣ ਦਾ ਅਨੁਮਾਨ ਹੈ।

ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਯੂ. ਐਨ. ਡੀ. ਈ. ਐੱਸ.) ਵੱਲੋਂ ਤਿਆਰ ਕੀਤੀ ਗਈ ਰਿਪੋਰਟ- ਵਿਸ਼ਵ ਆਰਥਿਕ ਹਾਲਾਤ ਅਤੇ ਸੰਭਾਵਨਾਵਾਂ 2021ਵਿਚ ਕਿਹਾ ਗਿਆ ਹੈ ਕਿ 2020 ਵਿਚ ਕੋਵਿਡ-19 ਮਹਾਮਾਰੀ ਕਾਰਨ ਵਿਸ਼ਵਵਿਆਪੀ ਆਰਥਿਕਤਾ ਸਦੀ ਦੇ ਸਭ ਤੋਂ ਵੱਡੇ ਸੰਕਟ ਨਾਲ ਪ੍ਰਭਾਵਤ ਹੋਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਲੰਡਰ ਸਾਲ 2021 ਵਿਚ ਭਾਰਤ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਜਾਵੇਗਾ। ਇਸ ਦੌਰਾਨ ਚੀਨ ਦੀ ਵਿਕਾਸ ਦਰ 7.2 ਫ਼ੀਸਦੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਰਿਪੋਰਟ ਅਨੁਸਾਰ, ਕੈਲੰਡਰ ਸਾਲ 2020 ਵਿਚ ਭਾਰਤੀ ਆਰਥਿਕਤਾ ਵਿਚ 9.6 ਫ਼ੀਸਦੀ ਦੀ ਦਰ ਨਾਲ ਗਿਰਾਵਟ ਆਵੇਗੀ ਕਿਉਂਕਿ ਕੋਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਲਾਈ ਗਈ ਤਾਲਾਬੰਦੀ ਕਾਰਨ ਘਰੇਲੂ ਖ਼ਪਤ ਵਿਚ ਕਮੀ ਆਈ ਹੈ। ਪਿਛਲੇ ਸਾਲ ਵਿਸ਼ਵਵਿਆਪੀ ਆਰਥਿਕਤਾ ਵਿਚ 4.3 ਫ਼ੀਸਦੀ ਦੀ ਗਿਰਾਵਟ ਆਈ ਹੈ, ਜੋ 2009 ਦੇ ਸੰਕਟ ਦੇ ਮੁਕਾਬਲੇ ਢਾਈ ਗੁਣਾਂ ਤੋਂ ਵੱਧ ਦੀ ਗਿਰਾਵਟ ਹੈ। ਹਾਲਾਂਕਿ, ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਵਿਚ 4.7 ਫ਼ੀਸਦੀ ਦੇ ਵਾਧੇ ਦੀ ਉਮੀਦ ਹੈ, ਜੋ ਕਿ 2020 ਦੇ ਘਾਟੇ ਨੂੰ ਕੁਝ ਹੱਦ ਤਕ ਘਟਾ ਦੇਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੇ ਵਿਨਾਸ਼ਕਾਰੀ ਸਮਾਜਿਕ-ਆਰਥਿਕ ਪ੍ਰਭਾਵ ਆਉਣ ਵਾਲੇ ਸਾਲਾਂ ਵਿਚ ਮਹਿਸੂਸ ਕੀਤਾ ਜਾਣਗੇ।


Sanjeev

Content Editor

Related News