ਭਾਰਤ ਦੇ ਕਾਰੋਬਾਰਾਂ ਨੂੰ ਭੁਗਤਣਾ ਪੈ ਸਕਦੈ ਈਰਾਨ-ਇਜ਼ਰਾਈਲ ਤਣਾਅ ਦਾ ਖਾਮਿਆਜ਼ਾ

Sunday, Oct 06, 2024 - 02:12 PM (IST)

ਭਾਰਤ ਦੇ ਕਾਰੋਬਾਰਾਂ ਨੂੰ ਭੁਗਤਣਾ ਪੈ ਸਕਦੈ ਈਰਾਨ-ਇਜ਼ਰਾਈਲ ਤਣਾਅ ਦਾ ਖਾਮਿਆਜ਼ਾ

ਨਵੀਂ ਦਿੱਲੀ (ਇੰਟ.) – ਇਜ਼ਰਾਈਲ-ਈਰਾਨ ਵਿਚਾਲੇ ਵਧਦੇ ਤਣਾਅ ਦਾ ਖਾਮਿਆਜ਼ਾ ਭਾਰਤ ਦੇ ਸੂਖਮ, ਲਘੁ ਅਤੇ ਦਰਮਿਆਨੇ ਕਾਰੋਬਾਰਾਂ (ਐੱਮ. ਐੱਸ. ਐਮ. ਈ.) ਨੂੰ ਭੁਗਤਣਾ ਪੈ ਸਕਦਾ ਹੈ। ਐੱਮ. ਐੱਸ. ਐਮ. ਈ. ਭਾਰਤ ਦੇ ਵੈਸ਼ਵਿਕ ਵਪਾਰ ਨੈੱਟਵਰਕ ਦਾ ਇਕ ਅਹਿਮ ਹਿੱਸਾ ਹੈ, ਜੋ ਕੱਪੜਾ, ਹੈਂਡੀਕਰਾਫਟ ਅਤੇ ਆਟੋਮੋਟਿਵ ਹਿੱਸਿਆਂ ਵਰਗੇ ਕਈ ਖੇਤਰਾਂ ਵਿਚ ਯੋਗਦਾਨ ਕਰਦੇ ਹਨ।

ਮਾਮਲੇ ਨਾਲ ਸਬੰਧਤ ਜਾਣਕਾਰਾਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿਚ ਵਧਦੀ ਅਸਥਿਰਤਾ ਨਾਲ ਹੋਰਮੁਜ ਜਲਡਮਰੂਮੱਧ ਅਤੇ ਚਾਬਹਾਰ ਬੰਦਰਗਾਹ ਵਰਗੇ ਮੁੱਖ ਪਾਰਗਮਨ ਮਾਰਗਾਂ ਦੇ ਨੇੜੇ-ਤੇੜੇ ਸਪਲਾਈ ਲੜੀ ’ਚ ਰੁਕਾਵਟ ਆ ਸਕਦੀ ਹੈ। ਜਿਸ ਨਾਲ ਮਾਲ ਢੁਆਈ ਦੀ ਲਾਗਤ ਵਧਣ ਦੀ ਸੰਭਾਵਨਾ ਹੈ ਅਤੇ ਇਸ ਦਾ ਸਿੱਧਾ ਅਸਰ ਐੱਮ. ਐੱਸ. ਐਮ. ਈ. ਐਕਪੋਰਟਰਾਂ ’ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਕੁੱਲ ਬਰਾਮਦ ’ਚ ਐੱਮ. ਐੱਸ. ਐੱਮ. ਈ. ਦਾ 45 ਫੀਸਦੀ ਦਾ ਯੋਗਦਾਨ

ਸਰਕਾਰੀ ਅੰਕੜਿਆਂ ਮੁਤਾਬਕ ਐੱਮ. ਐੱਸ. ਐੱਮ. ਈ. ਭਾਰਤ ਦੀ ਕੁੱਲ ਬਰਾਮਦ ਵਿਚ ਲੱਗਭਗ 45 ਫੀਸਦੀ ਦਾ ਯੋਗਦਾਨ ਕਰਦੇ ਹਨ। ਲਾਰਡਸ ਆਟੋਮੋਟਿਵ ਦੇ ਸੀ. ਈ. ਓ ਵੀਰ ਸਿੰਘ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਿਹਾ ਸੰਘਰਸ਼ ਮੱਧ ਪੂਰਬ ਤੋਂ ਆਉਣ ਵਾਲੇ ਕੱਚੇ ਮਾਲ ਅਤੇ ਪੁਰਜ਼ਿਆਂ ਦੇ ਮਾਮਲੇ ਵਿਚ ਆਟੋਮੋਟਿਵ ਸੈਕਟਰ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਵਿੱਤੀ ਸੰਸਥਾਵਾਂ ਇਸ ਖੇਤਰ ਨਾਲ ਗੁੰਝਲਦਾਰ ਢੰਗ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਜੇਕਰ ਸਪਲਾਈ ਵਿਚ ਵਿਘਨ ਪੈਂਦਾ ਹੈ, ਤਾਂ ਇਹ ਮੱਧ ਪੂਰਬੀ ਨਿਵੇਸ਼ਾਂ ’ਤੇ ਨਿਰਭਰ ਬਹੁਤ ਸਾਰੇ ਸਟਾਰਟਅੱਪਾਂ ਲਈ ਫੰਡਿੰਗ ਦੀ ਘਾਟ ਦਾ ਕਾਰਨ ਬਣ ਸਕਦਾ ਹੈ। ਫੰਡਿੰਗ ਵਿਚ ਪ੍ਰਵਾਹ ਦੀ ਘਾਟ ਆਟੋਮੋਟਿਵ ਸੈਕਟਰ ਵਿਚ ਨਵੇਂ ਉੱਦਮਾਂ ਲਈ ਸੰਚਾਲਨ ਖਰਚੇ ਵਧਾ ਸਕਦੀ ਹੈ। ਵੀਰ ਸਿੰਘ ਨੇ ਕਿਹਾ ਕਿ ਸਪਲਾਈ ਚੇਨ ਦੀਆਂ ਕਮਜ਼ੋਰੀਆਂ ਹੋਰ ਸਪੱਸ਼ਟ ਹੋ ਸਕਦੀਆਂ ਹਨ, ਜਿਸ ਨਾਲ ਉਤਪਾਦਨ ਦੀ ਸਮਾਂ-ਹੱਦ ਅਤੇ ਲਾਗਤ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਕੁੱਲ ਘਰੇਲੂ ਉਤਪਾਦ ’ਚ 30 ਫੀਸਦੀ ਭਾਗੀਦਾਰੀ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਥਿਕ ਸਰਵੇਖਣ 2024 ਮੁਤਾਬਕ, ਐੱਮ. ਐੱਸ. ਐੱਮ. ਈ. ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿਚ 30 ਫੀਸਦੀ ਯੋਗਦਾਨ ਪਾਉਂਦੇ ਹਨ ਅਤੇ 11 ਕਰੋੜ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੇ ਹਨ। ਦੇਸ਼ ਦੇ ਨਿਰਮਾਣ ਉਤਪਾਦਨ ਦਾ 35.4 ਫੀਸਦੀ ਇਸ ਖੇਤਰ ਤੋਂ ਆਉਂਦਾ ਹੈ। ਸਰਵੇਖਣ ਦਰਸਾਉਂਦਾ ਹੈ ਕਿ ਪ੍ਰਤੀ ਕਰਮਚਾਰੀ ਕੁੱਲ ਮੁੱਲ ਵਾਧਾ (ਜੀ. ਵੀ. ਏ.) 1,652.56 ਡਾਲਰ ਤੋਂ ਵੱਧ ਕੇ 1,695.15 ਡਾਲਰ ਹੋ ਗਿਆ, ਜਦੋਂ ਕਿ ਕੁੱਲ ਆਉਟਪੁੱਟ ਮੁੱਲ (ਜੀ. ਵੀ. ਓ.) 4,762.58 ਡਾਲਰ ਤੋਂ 5,540.81 ਡਾਲਰ ਹੋ ਗਿਆ ਹੈ, ਜੋ ਉਤਪਾਦਕਤਾ ਅਤੇ ਕਿਰਤ ਸਮਰੱਥਾ ’ਚ ਵਾਧਾ ਦਰਸਾਉਂਦਾ ਹੈ।

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਭਾਰਤੀ ਵਿਦੇਸ਼ੀ ਵਪਾਰ ਸੰਸਥਾਨ ’ਚ ਕੌਮਾਂਤਰੀ ਵਪਾਰ ਦੇ ਪ੍ਰੋਫੈਸਰ ਅੇਤ ਅਤੇ ਆਈ. ਆਈ. ਐੱਫ. ਟੀ. ਵਿਚ ਦੂਰ-ਦੁਰਾਡੇ ਅਤੇ ਆਨਲਾਈਨ ਸਿੱਖਿਆ ਕੇਂਦਰ (ਸੀ. ਡੀ. ਓ. ਈ.) ਦੇ ਮੁਖੀ ਰਾਮ ਸਿੰਘ ਨੇ ਕਿਹਾ ਕਿ ਯੂਰਪ ਅਤੇ ਰੂਸ ਨਾਲ ਸਾਡਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਪ੍ਰਮੁੱਖ ਹਵਾਈ ਮਾਰਗ ਪ੍ਰਭਾਵਿਤ ਹੋ ਸਕਦੇ ਹਨ, ਜਿਸ ਕਾਰਨ ਕੱਪੜਾ, ਇਲੈਕਟ੍ਰਾਨਿਕ ਸਾਮਾਨ, ਗਹਿਣੇ, ਫਾਰਮਾਸਿਊਟੀਕਲ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਕਾਫ਼ੀ ਪ੍ਰਭਾਵਿਤ ਹੋਵੇਗੀ।

ਅਗਸਤ ਅਤੇ ਸਤੰਬਰ ਦੇ ਆਰਡਰ ਰੱਦ

ਗੁਰੂਗ੍ਰਾਮ ਦੇ ਇਕ ਟੈਕਸਟਾਈਲ ਬਰਾਮਦਕਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਅਗਸਤ ਅਤੇ ਸਤੰਬਰ ਵਿਚ ਪੁਸ਼ਟੀ ਕੀਤੇ ਆਰਡਰ ਹੁਣ ਰੱਦ ਕੀਤੇ ਜਾ ਰਹੇ ਹਨ। ਉਸ ਨੇ ਕਿਹਾ ਕਿ ਈਰਾਨ ਅਤੇ ਹੋਰ ਮੱਧ ਪੂਰਬੀ ਦੇਸ਼ਾਂ ਨੂੰ ਟੈਕਸਟਾਈਲ ਉਤਪਾਦਾਂ ਦੀ ਬਰਾਮਦ ਮੁੱਖ ਤੌਰ ’ਤੇ ਤੁਰਕੀ ਰਾਹੀਂ ਕੀਤੀ ਜਾਂਦੀ ਹੈ ਅਤੇ ਮੌਜੂਦਾ ਅਸ਼ਾਂਤੀ ਕਾਰਨ ਟੈਕਸਟਾਈਲ ਵਪਾਰ ਨੂੰ ਭਾਰੀ ਨੁਕਸਾਨ ਹੋਇਆ ਹੈ। ਵਿੱਤੀ ਸਾਲ 2024 ’ਚ ਕੱਪੜਾ ਬਰਾਮਦ 3.23 ਫੀਸਦੀ ਘੱਟ ਕੇ 34.40 ਅਰਬ ਡਾਲਰ ਰਹਿ ਗਈ ਹੈ, ਜੋ ਵਿੱਤੀ ਸਾਲ 2023 ’ਚ 35.55 ਅਰਬ ਡਾਲਰ ਸੀ। ਵਿੱਤੀ ਸਾਲ 2022 ਵਿਚ ਟੈਕਸਟਾਈਲ ਬਰਾਮਦ ਦਾ ਮੁੱਲ 41.12 ਬਿਲੀਅਨ ਡਾਲਰ ਸੀ।

ਨੁਕਸਾਨ ਦਾ ਕੀਤਾ ਜਾ ਰਿਹੈ ਮੁਲਾਂਕਣ

ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਅਰੁਣ ਕੁਮਾਰ ਗਰੋਡੀਆ ਨੇ ਕਿਹਾ ਕਿ ਜਦੋਂ ਸਾਰੇ ਵੱਡੇ ਖਿਡਾਰੀ ਤਣਾਅ ਵਿਚ ਹਨ, ਐੱਮ. ਐੱਸ. ਐੱਮ. ਈ. ਖੇਤਰ ਕੋਈ ਅਪਵਾਦ ਨਹੀਂ ਹੈ। ਪੱਛਮੀ ਏਸ਼ੀਆ ਵਿਚ ਅਸ਼ਾਂਤੀ ਕਾਰਨ ਉਦਯੋਗ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਭਾਰਤੀ ਸੂਖਮ, ਲਘੁ ਅਤੇ ਦਰਮਿਆਨੇ ਉੱਦਮ ਚੈਂਬਰ ਦੇ ਪ੍ਰਧਾਨ ਮੁਕੇਸ਼ ਮੋਹਨ ਗੁਪਤਾ ਦਾ ਕਹਿਣਾ ਹੈ ਕਿ ਬੇਚੈਨੀ ਦਾ ਅਸਰ ਯਕੀਨੀ ਤੌਰ ’ਤੇ ਐੱਮ. ਐੱਸ. ਐੱਮ. ਈ. ਯੂਨਿਟਾਂ ਨੂੰ ਪ੍ਰਭਾਵਿਤ ਕਰੇਗਾ। ਸਮੁੱਚੇ ਤੌਰ ’ਤੇ, ਜੇਕਰ ਤਣਾਅ ਅਗਲੇ ਪੱਧਰ ਤੱਕ ਵਧਦਾ ਹੈ, ਤਾਂ ਇਸਦਾ ਪ੍ਰਭਾਵ ਪਵੇਗਾ। ਅਜਿਹੇ ਹਾਲਾਤ ਵਿਚ ਮਾਲ ਢੁਆਈ ਦੀਆਂ ਕੀਮਤਾਂ ਵਧਣਗੀਆਂ ਅਤੇ ਸ਼ਿਪਮੈਂਟ ਬੀਮਾ ਲਾਗਤ ਵਧੇਗੀ, ਜਿਸ ਨਾਲ ਐੱਮ. ਐੱਸ. ਐੱਮ. ਈ. ਖੇਤਰ ’ਤੇ ਅਸਰ ਪਵੇਗਾ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News