ਚੀਨ ’ਤੇ ਨਿਰਭਰਤਾ ਘਟਾਉਣ ਲਈ ਇਸ ਯੋਜਨਾ ਲਈ ਮਿਲੇਗਾ 5 ਅਰਬ ਡਾਲਰ ਤੱਕ ਦਾ ਪ੍ਰੋਤਸਾਹਨ

Saturday, Nov 23, 2024 - 11:11 AM (IST)

ਨਵੀਂ ਦਿੱਲੀ (ਇੰਟ.) – ਭਾਰਤ ਸਰਕਾਰ ਦੇਸ਼ ’ਚ ਇਲੈਕਟ੍ਰਾਨਿਕ ਮਸ਼ੀਨਰੀ ਦੇ ਪੁਰਜਿਆਂ ਦੇ ਸਥਾਨਕ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ 5 ਅਰਬ ਡਾਲਰ ਤੱਕ ਦਾ ਪ੍ਰੋਤਸਾਹਨ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮਕਸਦ ਉਦਯੋਗ ਨੂੰ ਮਜ਼ਬੂਤ ਕਰਨਾ ਅਤੇ ਚੀਨ ਤੋਂ ਦਰਾਮਦ ’ਤੇ ਨਿਰਭਰਤਾ ਨੂੰ ਘੱਟ ਕਰਨਾ ਹੈ। 2 ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪਿਛਲੇ 6 ਸਾਲਾਂ ’ਚ ਭਾਰਤ ਦਾ ਇਲੈਕਟ੍ਰਾਨਿਕ ਉਤਪਾਦਨ ਦੋਗੁਣੇ ਤੋਂ ਜ਼ਿਆਦਾ ਵੱਧ ਕੇ 2024 ’ਚ 115 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਸ ’ਚ ਐੱਪਲ ਅਤੇ ਸੈਮਸੰਗ ਵਰਗੀਆਂ ਗਲੋਬਲ ਕੰਪਨੀਆਂ ਦੀ ਮੋਬਾਈਲ ਮੈਨੂਫੈਕਚਰਿੰਗ ’ਚ ਵਾਧੇ ਦਾ ਵੱਡਾ ਯੋਗਦਾਨ ਹੈ। ਭਾਰਤ ਹੁਣ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਮਾਰਟਫੋਨ ਸਪਲਾਇਰ ਬਣ ਗਿਆ ਹੈ।

ਹਾਲਾਂਕਿ ਇਸ ਸੈਕਟਰ ਦੀ ਆਲੋਚਨਾ ਇਸ ਦੇ ਪੁਰਜਿਆਂ ਦੀ ਦਰਾਮਦ ’ਤੇ ਭਾਰੀ ਨਿਰਭਰਤਾ ਲਈ ਕੀਤੀ ਜਾ ਰਹੀ ਹੈ, ਖਾਸ ਤੌਰ ’ਤੇ ਚੀਨ ਵਰਗੇ ਦੇਸ਼ਾਂ ਤੋਂ।

ਇਕ ਅਧਿਕਾਰੀ ਨੇ ਦੱਸਿਆ,‘ਨਵੀਂ ਯੋਜਨਾ ਨਾਲ ਪ੍ਰਿੰਟਿਡ ਸਰਕਿਟ ਬੋਰਡ ਵਰਗੇ ਮੁੱਖ ਪੁਰਜਿਆਂ ਦੇ ਉਤਪਾਦਨ ਨੂੰ ਪ੍ਰੋਤਸਾਹਨ ਮਿਲੇਗਾ। ਇਸ ’ਚ ਘਰੇਲੂ ਵੈਲਿਊ ਅੈਡੀਸ਼ਨ ਵਧੇਗਾ ਅਤੇ ਇਲੈਕਟ੍ਰਾਨਿਕਸ ਲਈ ਸਥਾਨਕ ਸਪਲਾਈ ਚੇਨ ਮਜ਼ਬੂਤ ਹੋਵੇਗੀ।’

ਅਗਲੇ 2-3 ਮਹੀਨਿਆਂ ’ਚ ਲਾਂਚ ਹੋ ਸਕਦੀ ਹੈ ਯੋਜਨਾ

ਇਹ ਯੋਜਨਾ ਅਗਲੇ 2-3 ਮਹੀਨਿਆਂ ’ਚ ਲਾਂਚ ਕੀਤੀ ਜਾ ਸਕਦੀ ਹੈ। ਇਸ ’ਚ ਗਲੋਬਲ ਜਾਂ ਸਥਾਨਕ ਕੰਪਨੀਆਂ ਨੂੰ 4-5 ਅਰਬ ਡਾਲਰ ਤੱਕ ਦਾ ਪ੍ਰੋਤਸਾਹਨ ਦੇਣ ਦੀ ਉਮੀਦ ਹੈ। ਭਾਰਤ ਸਰਕਾਰ ਦੀ ਇਲੈਕਟ੍ਰਾਨਿਕਸ ਮੰਤਰਾਲਾ ਵੱਲੋਂ ਤਿਆਰ ਕੀਤੀ ਗਈ ਯੋਜਨਾ ਦੇ ਤਹਿਤ ਉਨ੍ਹਾਂ ਪੁਰਜਿਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਨੂੰ ਪ੍ਰੋਤਸਾਹਨ ਮਿਲੇਗਾ।

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਵਿੱਤ ਮੰਤਰਾਲਾ ਛੇਤੀ ਹੀ ਇਸ ਯੋਜਨਾ ਨੂੰ ਆਖਰੀ ਮਨਜ਼ੂਰੀ ਦੇਵੇਗਾ ਅਤੇ ਇਸ ਨੂੰ ਅਗਲੇ 2-3 ਮਹੀਨਿਆਂ ’ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਇਲੈਕਟ੍ਰਾਨਿਕਸ ਉਦਯੋਗ ਲਈ 2030 ਤੱਕ 500 ਅਰਬ ਡਾਲਰ ਦਾ ਟੀਚਾ

ਨੀਤੀ ਆਯੋਗ ਦੇ ਅਨੁਸਾਰ ਭਾਰਤ ਦਾ ਟੀਚਾ 2030 ਤੱਕ ਇਲੈਕਟ੍ਰਾਨਿਕਸ ਉਤਪਾਦਨ ਨੂੰ 500 ਅਰਬ ਡਾਲਰ ਤੱਕ ਵਧਾਉਣਾ ਹੈ, ਜਿਸ ’ਚ 150 ਅਰਬ ਡਾਲਰ ਦੇ ਪੁਰਜਿਆਂ ਦਾ ਨਿਰਮਾਣ ਸ਼ਾਮਲ ਹੈ।

ਮਾਲੀ ਸਾਲ 2024 ’ਚ ਭਾਰਤ ਨੇ 89.8 ਅਰਬ ਡਾਲਰ ਦੇ ਇਲੈਕਟ੍ਰਾਨਿਕਸ, ਦੂਰਸੰਚਾਰ ਉਪਕਰਣ ਅਤੇ ਇਲੈਕਟ੍ਰੀਕਲ ਉਤਪਾਦਾਂ ਦੀ ਦਰਾਮਦ ਕੀਤੀ, ਜਿਨ੍ਹਾਂ ’ਚੋਂ ਅੱਧੇ ਤੋਂ ਵੱਧ ਚੀਨ ਅਤੇ ਹਾਂਗਕਾਂਗ ਤੋਂ ਮੰਗਵਾਏ ਗਏ। ਇਹ ਅੰਕੜਾ ਇਕ ਨਿੱਜੀ ਥਿੰਕ ਟੈਂਕ ਜੀ. ਟੀ. ਆਰ. ਆਈ. ਦੇ ਵਿਸ਼ਲੇਸ਼ਣ ’ਚ ਸਾਹਮਣੇ ਆਇਆ।

ਉਦਯੋਗ ਤੋਂ ਹਾਂਪੱਖੀ ਪ੍ਰਤੀਕਿਰਿਆ

ਸੈਲੂਲਰ ਐਂਡ ਇਲੈਕਟ੍ਰਾਨਿਕਸ ਐਸੋਸੀਏਸ਼ਨ ਦੇ ਮੁਖੀ ਪੰਕਜ ਮੋਹਿੰਦਰੂ ਨੇ ਕਿਹਾ,‘ਇਹ ਯੋਜਨਾ ਅਜਿਹੇ ਸਮੇਂ ’ਚ ਆ ਰਹੀ ਹੈ, ਜਦ ਪੁਰਜਿਆਂ ਦੇ ਨਿਰਮਾਣ ਨੂੰ ਬੜ੍ਹਾਵਾ ਦੇਣਾ ਬਹੁਤ ਜ਼ਰੂਰੀ ਹੈ। ਇਸ ਨਾਲ ਭਾਰਤ ਵਿਸ਼ਵ ਪੱਧਰ ’ਤੇ ਇਲੈਕਟ੍ਰਾਨਿਕਸ ਉਤਪਾਦਨ ਦੇ ਵੱਡੇ ਟੀਚਿਆਂ ਨੂੰ ਹਾਸਲ ਕਰ ਸਕੇਗਾ।’


Harinder Kaur

Content Editor

Related News