ਭਾਰਤ-UAE ਵਪਾਰ ਸਮਝੌਤਾ ਗਹਿਣਿਆਂ ਦੇ ਖੇਤਰ ਨੂੰ ਡਿਊਟੀ ਮੁਕਤ ਪਹੁੰਚ ਦੇਵੇਗਾ : ਵਪਾਰ ਸਕੱਤਰ
Sunday, Feb 20, 2022 - 12:35 PM (IST)
ਨਵੀਂ ਦਿੱਲੀ (ਭਾਸ਼ਾ) – ਵਪਾਰ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਰਮਿਆਨ ਹੋਏ ਵਪਾਰ ਸਮਝੌਤੇ ਨਾਲ ਘਰੇਲੂ ਗਹਿਣਾ ਖੇਤਰ ਨੂੰ ਯੂ. ਏ.ਈ. ਬਾਜ਼ਾਰ ’ਚ ਡਿਊਟੀ ਮੁਕਤ ਪਹੁੰਚ ਮਿਲੇਗੀ, ਜਿਸ ਨਾਲ ਬਰਾਮਦ ਨੂੰ ਬੜ੍ਹਾਵਾ ਮਿਲੇਗਾ। ਦੂਜੇ ਪਾਸੇ ਖਾੜੀ ਦੇਸ਼ ਨੂੰ ਇੱਥੋਂ ਦੇ ਸੋਨੇ ਦੇ ਬਾਜ਼ਾਰ ’ਚ ਵਧੇਰੇ ਪਹੁੰਚ ਮਿਲੇਗੀ ਕਿਉਂਕਿ ਭਾਰਤ 200 ਟਨ ਤੱਕ ਦੀ ਸੋਨੇ ਦੀ ਬਰਾਮਦ ’ਤੇ ਟੈਕਸ ’ਚ ਛੋਟ ਦੇਵੇਗਾ। ਭਾਰਤ ਨੇ 2020-21 ’ਚ ਯੂ. ਏ. ਈ. ਤੋਂ ਕਰੀਬ 70 ਟਨ ਸੋਨਾ ਦਰਾਮਦ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਸੋਨੇ ਦੇ ਇਕ ਪ੍ਰਮੁੱਖ ਦਰਾਮਦਕਾਰ ਦੇਸ਼ ਹਾਂ। ਭਾਰਤ ਹਰ ਸਾਲ ਲਗਭਗ 800 ਟਨ ਸੋਨਾ ਦਰਾਮਦ ਕਰਦਾ ਹੈ। ਇਸ ਵਿਸ਼ੇਸ਼ ਸਮਝੌਤੇ ’ਚ ਅਸੀਂ ਉਨ੍ਹਾਂ ਨੂੰ (ਯੂ. ਏ. ਈ.) 200 ਟਨ ਦਾ ਟੀ. ਆਰ. ਕਿਊ. (ਟੈਰਿਫ ਰੇਟ ਕੋਟਾ) ਦਿੱਤਾ ਹੈ, ਜਿੱਥੇ ਬਾਕੀ ਵਿਸ਼ਵ ਲਈ ਜੋ ਵੀ ਦਰਾਮਦ ਡਿਊਟੀ ਲਗਾਈ ਜਾਵੇਗੀ, ਉਸ ਨਾਲ ਟੈਕਸ ਹਮੇਸ਼ਾ ਇਕ ਫੀਸਦੀ ਘੱਟ ਹੋਵੇਗਾ। ਸੁਬਰਾਮਣੀਅਮ ਨੇ ਕਿਹਾ ਕਿ ਇਸ ਤਰ੍ਹਾਂ ਯੂ. ਏ. ਈ. ਨੂੰ ਸੋਨੇ ’ਤੇ ਇਕ ਫੀਸਦੀ ਮੁੱਲ ਦਾ ਲਾਭ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਲਈ ਸਭ ਤੋਂ ਵੱਡਾ ਲਾਭ ਇਹ ਹੈ ਕਿ ਘਰੇਲੂ ਗਹਿਣਿਆਂ ਲਈ ਯੂ. ਏ. ਈ. ਦੇ ਬਾਜ਼ਾਰ ’ਚ ‘ਜ਼ੀਰੋ ਟੈਕਸ ਪਹੁੰਚ ਮਿਲੇਗੀ’। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤੀ ਗਹਿਣਿਆਂ ’ਤੇ 5 ਫੀਸਦੀ ਟੈਕਸ ਸੀ ਜੋ ਹੁਣ ਜ਼ੀਰੋ ਹੋ ਗਿਆ ਹੈ, ਜਿਸ ਨਾਲ ਰਤਨ ਅਤੇ ਗਹਿਣਾ ਖੇਤਰ ਨੂੰ ਲਾਭ ਹੋਵੇਗਾ। ਭਾਰਤ ਅਤੇ ਯੂ. ਏ. ਈ. ਦਰਮਿਆਨ ਫ੍ਰੀ ਟਰੇਡ ਐਗਰੀਮੈਂਟ ’ਤੇ ਹਸਤਾਖਰ ਹੋਣ ਨਾਲ ਦੋਪੱਖੀ ਵਪਾਰ ਨੂੰ ਅਗਲੇ 5 ਸਾਲਾਂ ’ਚ 100 ਅਰਬ ਡਾਲਰ ਤੱਕ ਪਹੁੰਚਾਉਣ ਅਤੇ ਲੱਖਾਂ ਦੀ ਗਿਣਤੀ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਮਦਦ ਮਿਲੇਗੀ।