ਕੋਵੈਕਸੀਨ ਦੇ ਕੈਨੇਡਾ ’ਚ ਅਧਿਕਾਰ ਲਈ ਭਾਰਤ ਬਾਇਓਟੈੱਕ ਨੂੰ 1.5 ਕਰੋੜ ਡਾਲਰ ਐਡਵਾਂਸ ’ਚ ਦੇਵੇਗੀ ਓਕਿਊਜੇਨ
Tuesday, Jun 08, 2021 - 05:55 PM (IST)
ਹੈਦਰਾਬਾਦ (ਭਾਸ਼ਾ) – ਭਾਰਤ ਬਾਇਓਟੈੱਕ ਦੀ ਕੋਵਿਡ-19 ਵੈਕਸੀਨ ਲਈ ਅਮਰੀਕੀ ਭਾਈਵਾਲ ਓਕਿਊਜੇਨ ਇੰਕ ਕੈਨੇਡਾ ’ਚ ਇਸ ਟੀਕੇ ਦੇ ਅਧਿਕਾਰ ਦੇ ਵਿਸਤਾਰ ਲਈ ਭਾਰਤੀ ਦਵਾਈ ਕੰਪਨੀ ਨੂੰ ਐਡਵਾਂਸ ’ਚ 1.5 ਕਰੋੜ ਡਾਲਰ ਦਾ ਭੁਗਤਾਨ ਕਰੇਗੀ। ਓਕਿਊਜੇਨ ਨੇ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਉਹ ਉੱਤਰੀ ਅਮਰੀਕੀ ਦੇਸ਼ ’ਚ ਕੋਵੈਕਸੀਨ ਨੂੰ ਕਮਰਸ਼ੀਅਲ ਤੌਰ ’ਤੇ ਪੇਸ਼ ਕੀਤੇ ਜਾਣ ਦੇ ਇਕ ਮਹੀਨੇ ਦੇ ਅੰਦਰ ਭਾਰਤ ਬਾਇਓਟੈੱਕ ਨੂੰ ਇਕ ਕਰੋੜ ਡਾਲਰ ਦਾ ਹੋਰ ਭੁਗਤਾਨ ਕਰੇਗੀ।
ਭਾਰਤ ਬਾਇਓਟੈੱਕ ਨੇ ਤਿੰਨ ਜੂਨ ਨੂੰ ਕਿਹਾ ਸੀ ਕਿ ਉਸ ਨੇ ਓਕਿਊਜੇਨ ਇੰਕ ਨਾਲ ਆਪਣੇ ਸਮਝੌਤੇ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਟੀਕੇ ਦੀ ਖੁਰਾਕ ਦਾ ਕੈਨੇਡਾ ’ਚ ਵੀ ਵਪਾਰੀਕਰਨ ਕੀਤਾ ਜਾਏਗਾ। ਭਾਰਤੀ ਕੰਪਨੀ ਅਤੇ ਓਕਿਊਜੇਨ ਦਰਮਿਆਨ ਅਮਰੀਕੀ ਬਾਜ਼ਾਰ ’ਚ ਕੋਵੈਕਸੀਨ ਦੇ ਸਹਿ-ਵਿਕਾਸ, ਸਪਲਾਈ ਅਤੇ ਵਪਾਰੀਕਰਨ ਲਈ ਪੱਕਾ ਸਮਝੌਤਾ ਹੋਇਆ ਸੀ।