ਭਾਰਤ 2060 ਤੱਕ ਗਲੋਬਲ GDP ਹਿੱਸੇਦਾਰੀ ’ਚ ਚੀਨ ਨੂੰ ਪਛਾੜ ਦੇਵੇਗਾ
Friday, Jun 05, 2026 - 09:36 PM (IST)
ਨਵੀਂ ਦਿੱਲੀ - ਭਾਰਤ ਸਾਲ 2060 ਦੇ ਆਸ-ਪਾਸ ਖਰੀਦ ਸ਼ਕਤੀ ਸਮਾਨਤਾ (ਪੀ. ਪੀ. ਪੀ.) ਦੇ ਆਧਾਰ ’ਤੇ ਗਲੋਬਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਹਿੱਸੇਦਾਰੀ ਦੇ ਮਾਮਲੇ ’ਚ ਚੀਨ ਨੂੰ ਪਿੱਛੇ ਛੱਡ ਸਕਦਾ ਹੈ, ਜਦੋਂਕਿ ਸਦੀ ਦੇ ਦੂਜੇ ਹਿੱਸੇ ’ਚ ਚੀਨ ਦੀ ਹਿੱਸੇਦਾਰੀ ਘਟਣ ਦੀ ਸੰਭਾਵਨਾ ਹੈ। ਇਕ ਰਿਪੋਰਟ ’ਚ ਇਹ ਅੰਦਾਜ਼ਾ ਜਤਾਇਆ ਗਿਆ ਹੈ।
ਖਰੀਦ ਸ਼ਕਤੀ ਸਮਾਨਤਾ (ਪੀ. ਪੀ. ਪੀ.) ਉਨ੍ਹਾਂ ਕੁੱਲ ਵਸਤਾਂ ਅਤੇ ਸੇਵਾਵਾਂ ਦੀ ਮਾਤਰਾ ਨੂੰ ਮਾਪਦੀ ਹੈ, ਜਿਸ ਨੂੰ ਕਿਸੇ ਦੇਸ਼ ਦੀ ਕਰੰਸੀ ਦੀ ਇਕ ਇਕਾਈ ਦੂਜੇ ਦੇਸ਼ ’ਚ ਖਰੀਦ ਸਕਦੀ ਹੈ। ਇਸ ਰਿਪੋਰਟ ਨੂੰ ਖੋਜ ਸੰਸਥਾ ‘ਵਰਲਡ ਇਨਇਕੁਐਲਿਟੀ ਲੈਬ’ (ਡਬਲਯੂ. ਆਈ. ਐੱਲ.) ਨਾਲ ਜੁੜੇ ਖੋਜਕਰਤਾਵਾਂ ਨੇ ਤਿਆਰ ਕੀਤਾ ਹੈ। ਪੈਰਿਸ ਸਕੂਲ ਆਫ ਇਕਨਾਮਿਕਸ (ਪੀ. ਐੱਸ. ਈ.) ’ਚ ਸਥਿਤ ਡਬਲਯੂ. ਆਈ. ਐੱਲ. ਗਲੋਬਲ ਅਸਮਾਨਤਾਵਾਂ ਦੇ ਅਧਿਐਨ ’ਤੇ ਕੰਮ ਕਰਦਾ ਹੈ।
ਚੀਨ ਦੀ ਹਿੱਸੇਦਾਰੀ ਮਜ਼ਬੂਤ, ਜਨਸੰਖਿਆ ਹਿੱਸਾ ਲਗਾਤਾਰ ਘਟ ਰਿਹਾ
ਰਿਪੋਰਟ ਕਹਿੰਦੀ ਹੈ ਕਿ ਮੌਜੂਦਾ ਸਮੇਂ ’ਚ ਚੀਨ ਦੀ ਪੀ. ਪੀ. ਪੀ. ਦੇ ਸੰਦਰਭ ’ਚ ਗਲੋਬਲ ਜੀ. ਡੀ. ਪੀ. ’ਚ ਲੱਗਭਗ 20 ਫੀਸਦੀ ਹਿੱਸੇਦਾਰੀ ਹੈ, ਜੋ ਅਮਰੀਕਾ ਦੀ ਤੁਲਨਾ ’ਚ ਲੱਗਭਗ ਇਕ-ਤਿਹਾਈ ਵੱਧ ਹੈ। ਇਸ ’ਚ ਸਾਲ 2035 ਤੱਕ ਚੀਨ ਦੀ ਅਰਥਵਿਵਸਥਾ ਦੇ ਅਮਰੀਕਾ ਨਾਲੋਂ ਲੱਗਭਗ ਦੁੱਗਣੀ ਹੋਣ ਦਾ ਅੰਦਾਜ਼ਾ ਵੀ ਜਤਾਇਆ ਗਿਆ ਹੈ।
ਹਾਲਾਂਕਿ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੀ ਜਨਸੰਖਿਆ ਹਿੱਸੇਦਾਰੀ ਤੇਜ਼ੀ ਨਾਲ ਘਟ ਰਹੀ ਹੈ। ਸਾਲ 1945 ’ਚ ਜਿੱਥੇ ਇਹ ਦੁਨੀਆ ਦੀ ਜਨਸੰਖਿਆ ਦਾ ਲੱਗਭਗ 23 ਫੀਸਦੀ ਸੀ, ਉੱਥੇ ਹੀ 2025 ’ਚ ਇਹ ਘਟ ਕੇ ਕਰੀਬ 17 ਫੀਸਦੀ ਰਹਿ ਗਈ ਹੈ ਅਤੇ ਸਾਲ 2100 ਤੱਕ ਇਸ ਦੇ 8 ਫੀਸਦੀ ਤੋਂ ਵੀ ਘੱਟ ਰਹਿ ਜਾਣ ਦਾ ਅੰਦਾਜ਼ਾ ਹੈ।
ਬ੍ਰਿਟੇਨ ਅਤੇ ਜਾਪਾਨ ਤੋਂ ਪਿੱਛੇ ਰਹਿ ਸਕਦੈ ਭਾਰਤ
ਰਿਪੋਰਟ ਮੁਤਾਬਕ ਮੌਜੂਦਾ ਸਮੇਂ ’ਚ ਭਾਰਤ ’ਚ ਅਸਮਾਨਤਾ ਚੀਨ ਦੀ ਤੁਲਨਾ ’ਚ ਕਿਤੇ ਵੱਧ ਹੈ ਪਰ ਉਤਪਾਦਕਤਾ ਵਾਧਾ ਮੁਕਾਬਲਤਨ ਘੱਟ ਹੈ। ਮਨੁੱਖੀ ਪੂੰਜੀ ’ਚ ਚੀਨ ਦੇ ਵੱਧ ਅਤੇ ਬਿਹਤਰ ਨਿਵੇਸ਼ ਨੂੰ ਇਸ ਦਾ ਕਾਰਨ ਦੱਸਿਆ ਗਿਆ ਹੈ। ਨਵੀਂ ਵਰਲਡ ਇਕਨਾਮਿਕ ਆਊਟਲੁੱਕ ਮੁਤਾਬਕ ਸਾਲ 2026 ’ਚ ਭਾਰਤ ਦੀ ਜੀ. ਡੀ. ਪੀ. 4.15 ਲੱਖ ਕਰੋੜ ਡਾਲਰ ਰਹਿਣ ਦਾ ਅੰਦਾਜ਼ਾ ਹੈ, ਜਦੋਂਕਿ ਬ੍ਰਿਟੇਨ ਦੀ ਜੀ. ਡੀ. ਪੀ. 4.27 ਲੱਖ ਕਰੋੜ ਡਾਲਰ ਅਤੇ ਜਾਪਾਨ ਦੀ 4.38 ਲੱਖ ਕਰੋੜ ਡਾਲਰ ਰਹਿ ਸਕਦੀ ਹੈ। ਅਮਰੀਕਾ 32.38 ਲੱਖ ਕਰੋੜ ਡਾਲਰ ਨਾਲ ਸਭ ਤੋਂ ਵੱਡੀ ਅਰਥਵਿਵਸਥਾ ਬਣਿਆ ਰਹੇਗਾ, ਜਦੋਂਕਿ ਚੀਨ 20.85 ਲੱਖ ਕਰੋੜ ਡਾਲਰ ਨਾਲ ਦੂਜੇ ਸਥਾਨ ’ਤੇ ਰਹੇਗਾ।
