Samsung ''ਤੇ ਭਾਰਤ ਸਰਕਾਰ ਦੀ ਵੱਡੀ ਕਾਰਵਾਈ! ਲਗਾਇਆ ਹੁਣ ਤਕ ਦਾ ਸਭ ਤੋਂ ਮੋਟਾ ਜੁਰਮਾਨਾ

Wednesday, Mar 26, 2025 - 04:58 PM (IST)

Samsung ''ਤੇ ਭਾਰਤ ਸਰਕਾਰ ਦੀ ਵੱਡੀ ਕਾਰਵਾਈ! ਲਗਾਇਆ ਹੁਣ ਤਕ ਦਾ ਸਭ ਤੋਂ ਮੋਟਾ ਜੁਰਮਾਨਾ

ਗੈਜੇਟ ਡੈਸਕ- ਭਾਰਤ ਸਰਕਾਰ ਨੇ ਸੈਮਸੰਗ ਅਤੇ ਉਸਦੇ ਅਧਿਕਾਰੀਆਂ 'ਤੇ 601 ਮਿਲੀਅਨ ਡਾਲਰ (ਕਰੀਬ 5,154 ਕਰੋੜ) ਦਾ ਬੈਕ ਟੈਕਸ ਅਤੇ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਟੈਲੀਕਾਮ ਉਪਕਰਣਾਂ ਦੇ ਆਯਾਤ 'ਤੇ ਡਿਊਟੀ ਬਚਾਉਣ ਲਈ ਕਥਿਤ ਹੇਰਾਫੇਰੀ ਕਾਰਨ ਕੀਤੀ ਗਈ ਹੈ। ਇਹ ਮਾਮਲਾ ਹਾਲ ਹੀ ਦੇ ਸਾਲਾਂ ਵਿੱਚ ਕਿਸੇ ਵੀ ਕੰਪਨੀ 'ਤੇ ਲਗਾਈਆਂ ਗਈਆਂ ਸਭ ਤੋਂ ਵੱਡੀਆਂ ਟੈਕਸ ਮੰਗਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਸੈਮਸੰਗ ਨੂੰ ਇਹ ਵੱਡਾ ਟੈਕਸ ਅਤੇ ਜੁਰਮਾਨਾ ਉਦੋਂ ਲਗਾਇਆ ਗਿਆ ਹੈ ਜਦੋਂ ਕੰਪਨੀ ਨੇ ਪਿਛਲੇ ਸਾਲ ਭਾਰਤ ਵਿੱਚ 955 ਮਿਲੀਅਨ ਡਾਲਰ (ਲਗਭਗ 8,183 ਕਰੋੜ ਰੁਪਏ) ਦਾ ਸ਼ੁੱਧ ਲਾਭ ਕਮਾਇਆ ਸੀ। ਹਾਲਾਂਕਿ, ਸੈਮਸੰਗ ਇਸ ਫੈਸਲੇ ਨੂੰ ਟੈਕਸ ਟ੍ਰਿਬਿਊਨਲ ਜਾਂ ਅਦਾਲਤ ਵਿੱਚ ਚੁਣੌਤੀ ਦੇ ਸਕਦੀ ਹੈ।

ਕੀ ਹੈ ਪੁਰਾ ਮਾਮਲਾ ?

ਸੈਮਸੰਗ ਦੀ ਨੈੱਟਵਰਕ ਡਿਵੀਜ਼ਨ ਟੈਲੀਕਾਮ ਉਪਕਰਣਾਂਦਾ ਆਯਾਤ ਕਰਦੀ ਹੈ, ਜਿਸ ਵਿਚ ਇਕ ਮਹੱਤਵਪੂਰਨ ਉਪਕਰਣ 'ਰਿਮੋਟ ਰੇਡੀਓ ਹੈੱਡ' (Remote Radio Head) ਸ਼ਾਮਲ ਹੈ। ਇਹ ਮੋਬਾਈਲ ਟਾਵਰਾਂ ਲਈ ਇੱਕ ਜ਼ਰੂਰੀ ਹਿੱਸਾ ਹੈ, ਜੋ ਕਿ 4G ਸੰਚਾਰ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਇਸ ਉਪਕਰਣ 'ਤੇ 10 ਤੋਂ 20 ਫੀਸਦੀ ਤੱਕ ਦਾ ਟੈਰਿਫ ਲੱਗਦਾ ਹੈ ਪਰ ਸੈਮਸੰਗ ਨੇ ਆਯਾਤ ਡਿਊਟੀ ਤੋਂ ਬਚਣ ਲਈ ਇਸਨੂੰ ਗਲਤ ਵਰਗੀਕ੍ਰਿਤ ਕੀਤਾ। 2018 ਅਤੇ 2021 ਦੇ ਵਿਚਕਾਰ, ਕੰਪਨੀ ਨੇ ਦੱਖਣੀ ਕੋਰੀਆ ਅਤੇ ਵੀਅਤਨਾਮ ਤੋਂ 784 ਮਿਲੀਅਨ ਡਾਲਰ (ਲਗਭਗ 6,717 ਕਰੋੜ ਰੁਪਏ) ਦੇ ਇਸ ਉਪਕਰਣ ਨੂੰ ਆਯਾਤ ਕੀਤਾ ਪਰ ਇਸ 'ਤੇ ਕੋਈ ਟੈਕਸ ਨਹੀਂ ਦਿੱਤਾ।

ਇੱਕ ਸਰਕਾਰੀ ਜਾਂਚ ਦੇ ਅਨੁਸਾਰ, ਸੈਮਸੰਗ ਨੇ ਕਸਟਮ ਡਿਊਟੀ ਤੋਂ ਬਚਣ ਲਈ ਜਾਣਬੁੱਝ ਕੇ ਝੂਠੇ ਦਸਤਾਵੇਜ਼ ਪੇਸ਼ ਕੀਤੇ। ਕਸਟਮ ਕਮਿਸ਼ਨਰ ਸੋਨਲ ਬਜਾਜ ਦੇ ਅਨੁਸਾਰ, ਕੰਪਨੀ ਨੇ "ਕਾਰੋਬਾਰੀ ਨੈਤਿਕਤਾ ਅਤੇ ਉਦਯੋਗ ਦੇ ਮਿਆਰਾਂ ਦੀ ਉਲੰਘਣਾ ਕੀਤੀ" ਅਤੇ ਸਿਰਫ਼ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੇ ਉਦੇਸ਼ ਨਾਲ ਸਰਕਾਰ ਨਾਲ ਧੋਖਾ ਕੀਤਾ।

ਇੰਝ ਹੋਇਆ ਖੁਲਾਸਾ

ਇਸ ਮਾਮਲੇ ਦੀ ਜਾਂਚ 2021 ਵਿੱਚ ਸ਼ੁਰੂ ਹੋਈ ਸੀ, ਜਦੋਂ ਭਾਰਤੀ ਟੈਕਸ ਅਧਿਕਾਰੀਆਂ ਨੇ ਮੁੰਬਈ ਅਤੇ ਗੁਰੂਗ੍ਰਾਮ ਵਿੱਚ ਸੈਮਸੰਗ ਦਫਤਰਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਕਈ ਦਸਤਾਵੇਜ਼, ਈਮੇਲ ਅਤੇ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ। ਇਸ ਤੋਂ ਬਾਅਦ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ।

ਸੈਮਸੰਗ ਨੇ ਇਸ ਪੂਰੇ ਮਾਮਲੇ 'ਤੇ ਦਲੀਲ ਦਿੱਤੀ ਹੈ ਕਿ ਇਹ ਡਿਵਾਈਸ ਸਿਗਨਲ ਟ੍ਰਾਂਸਮਿਟ ਨਹੀਂ ਕਰਦੀ, ਇਸ ਲਈ ਇਸ 'ਤੇ ਕੋਈ ਆਯਾਤ ਡਿਊਟੀ ਨਹੀਂ ਲਗਾਈ ਜਾਣੀ ਚਾਹੀਦੀ। ਸੈਮਸੰਗ ਨੇ ਵੀ ਆਪਣੇ ਹੱਕ ਵਿੱਚ ਚਾਰ ਮਾਹਰਾਂ ਦੇ ਵਿਚਾਰ ਪੇਸ਼ ਕੀਤੇ ਪਰ 2020 ਦੇ ਇੱਕ ਸਰਕਾਰੀ ਪੱਤਰ ਵਿੱਚ ਸੈਮਸੰਗ ਨੇ ਖੁਦ ਡਿਵਾਈਸ ਨੂੰ ਇੱਕ ਟ੍ਰਾਂਸਸੀਵਰ ਦੱਸਿਆ ਸੀ, ਜਿਸਨੂੰ ਸਰਕਾਰ ਨੇ ਸਬੂਤ ਵਜੋਂ ਪੇਸ਼ ਕੀਤਾ ਅਤੇ ਸੈਮਸੰਗ ਨੂੰ ਗਲਤ ਸਾਬਤ ਕੀਤਾ। ਸਰਕਾਰ ਨੇ ਸੈਮਸੰਗ 'ਤੇ 5,154 ਕਰੋੜ ਰੁਪਏ ਦੀ ਟੈਕਸ ਦੇਣਦਾਰੀ ਲਗਾਈ ਹੈ, ਜਿਸ ਵਿੱਚੋਂ 4,460 ਕਰੋੜ ਰੁਪਏ(520 ਮਿਲੀਅਨ ਡਾਲਰ) ਟੈਕਸ ਵਾਪਸ ਹੈ ਅਤੇ ਬਾਕੀ ਜੁਰਮਾਨਾ ਹੈ।


author

Rakesh

Content Editor

Related News