ਸਾਲ 2024 ਤੱਕ ਤੀਜਾ ਸਭ ਤੋਂ ਵੱਡਾ ਹਵਾਈ ਬਾਜ਼ਾਰ ਹੋਵੇਗਾ ਭਾਰਤ : ਆਇਟਾ

Thursday, Oct 25, 2018 - 11:03 PM (IST)

ਜੇਨੇਵਾ -ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਪਿਛਲੇ ਚਾਰ ਸਾਲਾਂ ਤੋਂ ਕਰੀਬ 20 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਭਾਰਤੀ ਹਵਾਈ ਬਾਜ਼ਾਰ ਸਾਲ 2024 ਤੱਕ ਬ੍ਰਿਟੇਨ ਨੂੰ ਪਛਾੜਦਾ ਹੋਇਆ ਤੀਸਰੇ ਸਥਾਨ ’ਤੇ ਪਹੁੰਚ ਜਾਵੇਗਾ। ਇਹ ਗੱਲ ਕੌਮਾਂਤਰੀ ਹਵਾਈ ਟ੍ਰਾਂਸਪੋਰਟ ਐਸੋਸੀਏਸ਼ਨ (ਆਇਟਾ) ਦੀ ਜਾਰੀ ਅਗਲੇ 20 ਸਾਲ ਦੇ ਅਗਾਊਂ ਅੰਦਾਜ਼ਿਆਂ ਦੀ ਰਿਪੋਰਟ ’ਚ ਕਹੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ’ਚ ਭਾਰਤ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹਵਾਈ ਬਾਜ਼ਾਰ ਹੈ। ਅਮਰੀਕਾ ਪਹਿਲੇ, ਚੀਨ ਦੂਜੇ ਅਤੇ ਬ੍ਰਿਟੇਨ ਤੀਸਰੇ ਸਥਾਨ ’ਤੇ ਹੈ। ਇਨ੍ਹਾਂ ਤੋਂ ਬਾਅਦ ਕ੍ਰਮਵਾਰ ਸਪੇਨ, ਜਾਪਾਨ ਅਤੇ ਜਰਮਨੀ ਦਾ ਨੰਬਰ ਹੈ। ਆਇਟਾ ਦੀ ਰਿਪੋਰਟ ਅਨੁਸਾਰ ਸਿਖਰਲੇ ਦੋ ਸਥਾਨਾਂ ’ਤੇ ਅਮਰੀਕਾ ਅਤੇ ਚੀਨ ਕਾਇਮ ਰਹਿਣਗੇ ਪਰ ਅਗਲੇ ਦਹਾਕੇ ਦੇ ਅੱਧ ਤੱਕ ਅਮਰੀਕਾ ਨੂੰ ਪਛਾੜ ਕੇ ਚੀਨ ਪਹਿਲੇ ਸਥਾਨ ’ਤੇ ਹੋਵੇਗਾ। ਇਸ ’ਚ ਸਾਲ 2037 ਤੱਕ ਪਹਿਲੇ ਤਿੰਨ ਸਥਾਨ ’ਤੇ ਕ੍ਰਮਵਾਰ ਚੀਨ, ਅਮਰੀਕਾ ਅਤੇ ਭਾਰਤ ਦੇ ਬਣੇ ਰਹਿਣ ਦੀ ਗੱਲ ਕਹੀ ਗਈ ਹੈ, ਬਸ਼ਰਤੇ ਸਰਕਾਰਾਂ ਦੀਆਂ ਹਵਾਬਾਜ਼ੀ ਨੀਤੀਆਂ ’ਚ ਕੋਈ ਖਾਸ ਬਦਲਾਅ ਨਾ ਹੋਵੇ ।
 


Related News