ਭਾਰਤ ਦਾ ਡੇਡੀਕੇਟਿਡ ਫਰੇਟ ਕਾਰੀਡੋਰ ਦੇ ਰਿਹੈ ਦੇਸ਼ ਦੀ GDP ਨੂੰ ਗਤੀ

Friday, Oct 25, 2024 - 04:18 PM (IST)

ਭਾਰਤ ਦਾ ਡੇਡੀਕੇਟਿਡ ਫਰੇਟ ਕਾਰੀਡੋਰ ਦੇ ਰਿਹੈ ਦੇਸ਼ ਦੀ GDP ਨੂੰ ਗਤੀ

ਨਵੀਂ ਦਿੱਲੀ- ਭਾਰਤ ਦਾ ਡੇਡੀਕੇਟਿਡ ਫਰੇਟ ਕਾਰੀਡੋਰ (DFC) ਦੇਸ਼ ਦੀ ਜੀਡੀਪੀ ਵਾਧਾ ਦਰ ਨੂੰ ਗਤੀ ਦੇ ਰਿਹਾ ਹੈ ਅਤੇ ਬਰਾਬਰ ਆਰਥਿਕ ਵਾਧੇ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਇਹ ਉਦਯੋਗਾਂ ਅਤੇ ਖਪਤਕਾਰਾਂ ਨੂੰ ਫਾਇਦਾ ਪਹੁੰਚਾ ਰਿਹਾ ਹੈ। ਇਸ ਤਰ੍ਹਾਂ ਦਾ ਖੁਲਾਸਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਨਵੇਂ ਅਧਿਐਨ ਵਿੱਚ ਹੋਇਆ ਹੈ।
ਦਰਅਸਲ, ਦੇਸ਼ ਦੇ 7 ਰਾਜਾਂ ਅਤੇ 56 ਜ਼ਿਲ੍ਹਿਆਂ ਵਿੱਚੋਂ ਲੰਘਣ ਵਾਲੇ 2,843 ਕਿਲੋਮੀਟਰ ਲੰਬੇ ਡੀਐੱਫਸੀ ਦਾ 96.4 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ। 1337 ਕਿਲੋਮੀਟਰ ਲੰਬਾ ਪੂਰਬੀ ਡੀਐੱਫਸੀ ਲੁਧਿਆਣਾ ਨੂੰ ਸੋਨਾਨਗਰ ਨਾਲ ਜੋੜਦਾ ਹੈ ਅਤੇ 1506 ਕਿਲੋਮੀਟਰ ਲੰਬਾ ਪੱਛਮੀ ਡੀਐੱਫਸੀ ਦਾਦਰੀ ਅਤੇ ਮੁੰਬਈ ਨੂੰ ਜੋੜਦਾ ਹੈ। ਅੱਜ ਪੂਰਬੀ ਡੀਐੱਫਸੀ ਵੱਖ-ਵੱਖ ਕੋਲਾ ਖਾਣਾਂ ਅਤੇ ਥਰਮਲ ਪਾਵਰ ਪਲਾਂਟਾਂ ਲਈ ਫੀਡਰ ਰੂਟਾਂ ਦੇ ਨਾਲ 100 ਪ੍ਰਤੀਸ਼ਤ ਕਾਰਜਸ਼ੀਲ ਹੈ। ਜਦੋਂ ਕਿ ਪੱਛਮੀ ਡੀ.ਐੱਫ.ਸੀ ਦਾ ਵਿਕਾਸ ਕਾਰਜ ਵੀ 93.2 ਫੀਸਦੀ ਮੁਕੰਮਲ ਹੋ ਚੁੱਕਾ ਹੈ। ਇਸ ਦੇ ਖੇਤਰ ਵਿੱਚ ਵੱਖ-ਵੱਖ ਸੀਮਿੰਟ ਪਲਾਂਟਾਂ ਅਤੇ ਗੁਜਰਾਤ ਵਿੱਚ ਮੁੰਦਰਾ, ਕਾਂਡਲਾ, ਪੀਪਾਵਾਵ ਅਤੇ ਹਜ਼ੀਰਾ ਦੀਆਂ ਪ੍ਰਮੁੱਖ ਬੰਦਰਗਾਹਾਂ ਲਈ ਫੀਡਰ ਰੂਟ ਹਨ। ਵਰਤਮਾਨ ਵਿੱਚ, ਔਸਤਨ 325 ਰੇਲ ਗੱਡੀਆਂ ਹਰ ਦਿਨ ਡੀਐੱਫਸੀ 'ਤੇ ਚੱਲ ਰਹੀਆਂ ਹਨ, ਜੋ ਪਿਛਲੇ ਸਾਲ ਨਾਲੋਂ 60 ਪ੍ਰਤੀਸ਼ਤ ਵੱਧ ਹਨ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੁਆਰਾ ਕੀਤੇ ਗਏ ਇੱਕ ਅਧਿਐਨ ਨੇ ਦੱਸਿਆ ਕਿ ਡੀਐੱਫਸੀ ਨੈੱਟਵਰਕ ਨੇ ਸਮੁੱਚੇ ਰਾਸ਼ਟਰੀ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਸਭ ਤੋਂ ਵੱਡਾ ਆਰਥਿਕ ਲਾਭ DFC ਦੇ ਸਭ ਤੋਂ ਨੇੜੇ ਪੱਛਮੀ ਖੇਤਰਾਂ ਵਿੱਚ ਹੋਇਆ ਹੈ, ਜਿੱਥੇ ਭਾੜੇ ਦੀਆਂ ਕੀਮਤਾਂ ਵਿੱਚ ਕਾਫ਼ੀ ਕਮੀ ਆਈ ਹੈ। ਹਾਲਾਂਕਿ, DFC ਤੋਂ ਦੂਰ ਖੇਤਰਾਂ ਨੂੰ ਵੀ ਆਵਾਜਾਈ ਦੇ ਖਰਚੇ ਵਿੱਚ ਕਮੀ ਦਾ ਫਾਇਦਾ ਹੋਇਆ ਹੈ।
ਅਧਿਐਨ ਪੱਛਮੀ DFC ਕੋਰੀਡੋਰ 'ਤੇ ਕੇਂਦ੍ਰਿਤ
ਐਲਸੇਵੀਅਰ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ, ਵਿੱਤੀ ਸਾਲ 2019-20 ਲਈ ਪੱਛਮੀ ਡੇਡੀਕੇਟਿਡ ਫਰੇਟ ਕੋਰੀਡੋਰ 'ਤੇ ਕੇਂਦਰਿਤ ਹੈ। ਇਸ ਮਾਡਲ ਵਿੱਚ, ਭਾਰਤ ਦੇ ਵਿਆਪਕ ਅੰਕੜਿਆਂ ਦਾ ਅਧਿਐਨ ਕੀਤਾ ਗਿਆ ਸੀ, ਜਿਸ ਵਿੱਚ ਮਾਲ ਢੋਆ-ਢੁਆਈ ਦੀ ਲਾਗਤ, ਉਦਯੋਗ, ਸਪਲਾਇਰ, ਖਪਤਕਾਰ ਅਤੇ ਆਬਾਦੀ ਨਾਲ ਸਬੰਧਤ ਡੇਟਾ ਦੀ ਵਰਤੋਂ ਕੀਤੀ ਗਈ ਸੀ। ਅਧਿਐਨ ਦਰਸਾਉਂਦਾ ਹੈ ਕਿ ਕਿਵੇਂ ਘਟੀਆਂ ਲਾਗਤਾਂ ਅਤੇ ਮਾਲ ਢੋਆ-ਢੁਆਈ ਨੈੱਟਵਰਕਾਂ ਵਿੱਚ ਸਮੁੱਚੇ ਸੁਧਾਰ ਹਿੱਸੇਦਾਰਾਂ ਨੂੰ ਲਾਭ ਪਹੁੰਚਾ ਰਹੇ ਹਨ। ਇਹਨਾਂ ਹਿੱਸੇਦਾਰਾਂ ਵਿੱਚ ਸੈਕਟਰ, ਉਦਯੋਗ ਅਤੇ ਖਪਤਕਾਰ ਸ਼ਾਮਲ ਹਨ। ਮਾਡਲ ਦੀ ਸ਼ੁੱਧਤਾ ਨੂੰ ਆਰਥਿਕ ਅੰਕੜਿਆਂ ਦੇ ਨਾਲ-ਨਾਲ ਸੜਕੀ ਆਵਾਜਾਈ ਅਤੇ ਭਾਰਤੀ ਰੇਲਵੇ ਮੰਤਰਾਲੇ ਦੇ ਅੰਕੜਿਆਂ ਦੇ ਵਿਰੁੱਧ ਪਰਖਿਆ ਗਿਆ ਹੈ।
ਅਧਿਐਨ ਦੇ ਮਹੱਤਵਪੂਰਨ ਨਤੀਜੇ
ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦਾ ਅਧਿਐਨ ਵੀ ਧਿਆਨ ਦੇਣ ਯੋਗ ਹੈ ਕਿਉਂਕਿ ਇਹ ਭਾਰਤ ਵਿੱਚ 33 ਸੈਕਟਰ ਅਤੇ 29 ਉਦਯੋਗਾਂ ਨੂੰ ਕਵਰ ਕਰਦਾ ਹੈ। ਅਧਿਐਨ ਦਰਸਾਉਂਦਾ ਹੈ ਕਿ ਬਿਹਤਰ ਕਨੈਕਟੀਵਿਟੀ ਕਾਰਨ ਭਾਰਤੀ ਜੀਡੀਪੀ ਵਿੱਚ ਸੁਧਾਰ ਹੋਇਆ ਹੈ ਅਤੇ ਭਾਰਤੀ ਰੇਲਵੇ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਡੀਐੱਫਸੀ ਦੇਸ਼ ਦੇ ਜੀਡੀਪੀ ਵਿੱਚ ਸਿੱਧੇ ਤੌਰ 'ਤੇ 160 ਬਿਲੀਅਨ ਰੁਪਏ ਦਾ ਯੋਗਦਾਨ ਦੇਵੇਗੀ। ਡੀਐਫਸੀ ਦੇ ਸੰਚਾਲਨ ਕਾਰਨ ਮਾਲ ਢੋਆ-ਢੁਆਈ ਦੀ ਲਾਗਤ ਅਤੇ ਆਵਾਜਾਈ ਦੇ ਸਮੇਂ ਵਿੱਚ ਕਮੀ ਨੇ ਵਸਤੂਆਂ ਦੀਆਂ ਕੀਮਤਾਂ ਵਿੱਚ 0.5 ਪ੍ਰਤੀਸ਼ਤ ਦੀ ਕਮੀ ਕਰਨ ਵਿੱਚ ਮਦਦ ਕੀਤੀ ਹੈ। ਇਹ ਵੀ ਪਾਇਆ ਗਿਆ ਕਿ ਡੀਐੱਫਸੀ ਨੇ ਵਿੱਤੀ ਸਾਲ 2022-23 ਅਤੇ 2018-19 ਦੇ ਵਿਚਕਾਰ ਭਾਰਤੀ ਰੇਲਵੇ ਦੀ ਆਮਦਨ ਦੇ ਵਾਧੇ ਵਿੱਚ 2.94 ਪ੍ਰਤੀਸ਼ਤ ਦਾ ਯੋਗਦਾਨ ਪਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News