ਕੇਂਦਰ ਵੱਲੋਂ ਖੰਡ ਨਿਰਯਾਤ ਕਰਨ ਦੀ ਇਜਾਜ਼ਤ, ਉੱਤਰ ਪ੍ਰਦੇਸ਼ ਦੀ ਹਿੱਸੇਦਾਰੀ ਸਭ ਤੋਂ ਵੱਧ
Friday, Nov 11, 2022 - 12:25 PM (IST)

ਨਵੀਂ ਦਿੱਲੀ– ਕੇਂਦਰ ਸਰਕਾਰ ਵੱਲੋਂ 60 ਲੱਖ ਟਨ ਖੰਡ ਨਿਰਯਾਤ ਕਰਨ ਦੀ ਦਿੱਤੀ ਗਈ ਇਜਾਜ਼ਤ ਵਿਚ ਸਭ ਤੋਂ ਵੱਧ ਹਿੱਸੇਦਾਰੀ ਉੱਤਰ ਪ੍ਰਦੇਸ਼ ਦੀ ਹੈ। ਉੱਤਰ ਪ੍ਰਦੇਸ਼ ਦੀ ਹਿੱਸੇਦਾਰੀ 35.35 ਫ਼ੀਸਦੀ ਹੈ ਜਦਕਿ ਮਹਾਰਾਸ਼ਟਰ ਦੀ ਹਿੱਸੇਦਾਰੀ 35.36 ਫ਼ੀਸਦੀ ਹੈ। ਹਾਲਾਂਕਿ ਮਹਾਰਾਸ਼ਟਰ ਖੰਡ ਉਤਪਾਦਨ ਅਤੇ ਨਿਰਯਾਤ ’ਚ ਉੱਚ ਸਥਾਨ ’ਤੇ ਰਹਿੰਦਾ ਹੈ ਪਰ ਫੂਡ ਮੰਤਰਾਲਾ ਵੱਲੋਂ ਸਾਲ 2022-23 ਲਈ ਜੋ ਨਿਰਯਾਤ ਕੋਟਾ ਨਿਸ਼ਚਿਤ ਕੀਤਾ ਹੈ ਉਸ ਵਿਚ ਉੱਤਰ ਪ੍ਰਦੇਸ਼ ਮਹਾਰਾਸ਼ਟਰ ਤੋਂ ਉੱਪਰ ਹੈ।
ਮਹਾਰਾਸ਼ਟਰ 'ਚ ਗੰਨੇ ਦੀ ਪਿੜਾਈ ਦਾ ਸੀਜ਼ਨ 15 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਮਹਾਰਾਸ਼ਟਰ ਦੇ ਇਕ ਪ੍ਰਸ਼ਾਸ਼ਨਿਕ ਅਧਿਕਾਰੀ ਸ਼ੇਖਰ ਗਾਇਕਵਾੜ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਗੰਨੇ ਦਾ ਰਕਬਾ ਲਗਭਗ ਪਿਛਲੇ ਸਾਲ ਜਿੰਨਾ ਹੀ ਹੈ। ਸਾਲ 2021-22 ਵਿੱਚ ਮਹਾਰਾਸ਼ਟਰ ’ਚ ਕੁੱਲ ਗੰਨੇ ਦਾ ਰਕਬਾ 14.88 ਲੱਖ ਹੈਕਟੇਅਰ ਸੀ ਅਤੇ 200 ਮਿੱਲਾਂ ਪਿੜਾਈ ਕਰ ਰਹੀਆਂ ਸਨ। ਇਸ ਸਾਲ ਇਹ ਅੰਕੜਾ 14.87 ਲੱਖ ਹੈਕਟੇਅਰ ਅਤੇ 203 ਮਿੱਲਾਂ ਹਨ। ਪਿਛਲੇ ਸੀਜ਼ਨ ਵਿੱਚ ਖੰਡ ਦਾ ਉਤਪਾਦਨ 137.36 ਲੱਖ ਟਨ ਸੀ ਅਤੇ ਮੌਜੂਦਾ ਸੀਜ਼ਨ ਵਿੱਚ 138 ਲੱਖ ਟਨ ਹੋਣ ਦੀ ਉਮੀਦ ਹੈ।
ਮਹਾਰਾਸ਼ਟਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਉਤਪਾਦਨ ਅਤੇ ਨਿਰਯਾਤ ਵਿੱਚ ਸਭ ਤੋਂ ਅੱਗੇ ਹੈ ਪਰ ਸਰਕਾਰ ਵੱਲੋਂ ਦਿੱਤੀ ਗਈ ਇਜਾਜ਼ਤ ਵਿੱਚ ਇਹ ਦੂਜੇ ਨੰਬਰ 'ਤੇ ਨਜ਼ਰ ਆ ਰਿਹਾ ਹੈ। 2022-23 ਦੇ ਸੀਜ਼ਨ ਦੌਰਾਨ ਭਾਰਤ ਸਰਕਾਰ ਨੇ 6 ਨਵੰਬਰ ਨੂੰ, 6 ਮਿਲੀਅਨ ਟਨ ਤੱਕ ਖੰਡ ਦੇ ਨਿਰਯਾਤ ਦੀ ਇਜਾਜ਼ਤ ਦਿੱਤੀ ਹੈ। ਜਿਸ ਵਿੱਚ ਉੱਤਰ ਪ੍ਰਦੇਸ਼ ਦੀਆਂ 120 ਮਿੱਲਾਂ ਤੋਂ 21,21,129 ਟਨ ਖੰਡ ਨਿਰਯਾਤ ਦੀ ਇਜਾਜ਼ਤ ਦਿੱਤੀ ਗਈ ਜਦਕਿ ਮਹਾਰਾਸ਼ਟਰ ਦੀਆਂ 204 ਖੰਡ ਮਿੱਲਾਂ ਤੋਂ 20,13,869 ਟਨ ਖੰਡ ਨਿਰਯਾਤ ਕੀਤੀ ਜਾਵੇਗੀ।
ਭਾਰਤੀ ਖੰਡ ਉਦਯੋਗ ਸੰਗਠਨ ਦਾ ਕਹਿਣਾ ਹੈ ਕਿ ਇਕ ਅਕਤੂਬਰ ਤੋਂ ਸ਼ੁਰੂ ਹੋਏ ਖੰਡ ਦੇ ਸੀਜ਼ਨ (2022-23) ਵਿਚ ਖੰਡ ਦਾ ਉਤਪਾਦਨ 3.6 ਮੀਲੀਅਨ ਟਨ ਹੋ ਸਕਦਾ ਹੈ, ਜੋ ਕਿ ਬੀਤੇ ਸਾਲ ਦੇ ਉਤਪਾਦਨ ਨਾਲੋਂ ਦੋ ਫ਼ੀਸਦੀ ਵੱਧ ਹੈ। ISMA ਅਨੁਸਾਰ ਇਸ ਸਾਲ ਦੇ ਸੀਜ਼ਨ ’ਚ - ਉੱਤਰ ਪ੍ਰਦੇਸ਼ ’ਚ 123 ਲੱਖ ਟਨ, ਮਹਾਰਾਸ਼ਟਰ ’ਚ 150 ਲੱਖ ਟਨ ਅਤੇ ਕਰਨਾਟਕ ’ਚ 70 ਲੱਖ ਟਨ ਖੰਡ ਉਤਪਾਦਨ ਹੋਣ ਦਾ ਅਨੁਮਾਨ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਸਰਕਾਰ ਦੋ ਕਿਸ਼ਤਾਂ ਵਿਚ 80 ਤੋਂ 90 ਲੱਖ ਟਨ ਖੰਡ ਨਿਰਯਾਤ ਦੀ ਇਜਾਜ਼ਾਤ ਦੇ ਸਕਦੀ ਹੈ। ਪਹਿਲੀ ਕਿਸ਼ਤ ’ਚ ਸਰਕਾਰ ਵੱਲੋਂ 60 ਲੱਖ ਟਨ ਖੰਡ ਨਿਰਯਾਤ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਦੂਸਰੀ ਕਿਸ਼ਤ ਵਿਚ 20-30 ਲੱਖ ਟਨ ਖੰਡ ਨਿਰਯਾਤ ਦੀ ਇਜਾਜ਼ਤ ਮਿਲ ਸਕਦੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਉਦਯੋਗ ਨੂੰ ਉਮੀਦ ਸੀ ਕਿ ਸਰਕਾਰ ਘੱਟੋ-ਘੱਟ 80 ਤੋਂ 90 ਲੱਖ ਟਨ ਖੰਡ ਬਰਾਮਦ 'ਤੇ ਛੋਟ ਦੇਵੇਗੀ ਪਰ ਘਰੇਲੂ ਬਾਜ਼ਾਰ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ 60 ਲੱਖ ਟਨ ਖੰਡ ਬਰਾਮਦ ਦਾ ਕੋਟਾ ਤੈਅ ਕੀਤਾ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਖੰਡ ਦਾ ਉਤਪਾਦਨ, ਸੀਜ਼ਨ 2022-23 ’ਚ ਸ਼ੁਰੂ ਹੋ ਗਿਆ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਖੰਡ ਦਾ ਉਤਪਾਦਨ ਸ਼ੁਰੂ ਹੋਣ ਦੀ ਸੰਭਾਵਨਾ ਇਸ ਮਹੀਨੇ ਦੇ ਅਗਲੇ ਹਫ਼ਤੇ ਹੈ। ਖੰਡ ਸੀਜ਼ਨ ਅਕਤੂਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ ਸਤੰਬਰ ਤੱਕ ਜਾਰੀ ਰਹਿੰਦਾ ਹੈ।
ਸੂਬਾ | ਮਿੱਲਾਂ ਦੀ ਸੰਖਿਆ | ਨਿਰਯਾਤ ਕੋਟਾ (ਟਨ ਵਿਚ) |
ਉੱਤਰ ਪ੍ਰਦੇਸ਼ | 120 | 21,21,129 |
ਮਹਾਰਾਸ਼ਟਰ | 204 | 20,13,869 |
ਕਰਨਾਟਕਾ | 73 | 8,79,920 |
ਭਾਰਤ (ਕੁੱਲ) | 537 | 60,00,000 |