ਭਾਰਤ ਵੱਲੋਂ ਯੂ. ਕੇ. ਦੀਆਂ ਕੰਪਨੀਆਂ ਨੂੰ ਬੀਮਾ ਖੇਤਰ 'ਚ ਨਿਵੇਸ਼ ਕਰਨ ਦਾ ਸੱਦਾ

Friday, Jul 09, 2021 - 01:24 PM (IST)

ਭਾਰਤ ਵੱਲੋਂ ਯੂ. ਕੇ. ਦੀਆਂ ਕੰਪਨੀਆਂ ਨੂੰ ਬੀਮਾ ਖੇਤਰ 'ਚ ਨਿਵੇਸ਼ ਕਰਨ ਦਾ ਸੱਦਾ

ਨਵੀਂ ਦਿੱਲੀ- ਭਾਰਤ ਨੇ ਬ੍ਰਿਟੇਨ ਦੀਆਂ ਕੰਪਨੀਆਂ ਨੂੰ ਬੀਮਾ ਖੇਤਰ ਵਿਚ ਨਿਵੇਸ਼ ਕਰਨ ਲਈ ਸੱਦਾ ਦਿੱਤਾ ਹੈ। ਉੱਥੇ ਹੀ, ਬ੍ਰਿਟੇਨ ਨੇ ਭਾਰਤੀ ਕੰਪਨੀਆਂ ਨੂੰ ਸਿੱਧੇ ਲੰਡਨ ਸਟਾਕ ਐਕਸਚੇਂਜ ਵਿਚ ਸੂਚੀਬੱਧ ਹੋਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਾਲ ਭਾਰਤ ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੀ ਸੀਮਾ ਨੂੰ 49 ਫ਼ੀਸਦ ਤੋਂ ਵਧਾ ਕੇ 74 ਫ਼ੀਸਦ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਕੰਪਨੀਆਂ ਨੂੰ ਘਰੇਲੂ ਬਾਜ਼ਾਰ ਵਿਚ ਸੂਚੀਬੱਧ ਹੋਏ ਬਿਨਾਂ ਵਿਦੇਸ਼ਾਂ ਵਿਚ ਸੂਚੀਬੱਧ ਹੋਣ ਦੀ ਵੀ ਮਨਜ਼ੂਰੀ ਦਿੱਤੀ ਹੈ। 

ਵਿੱਤ ਮੰਤਰਾਲਾ ਵੱਲੋਂ ਜਾਰੀ ਬਿਆਨ ਮੁਤਾਬਕ, ਦੋਹਾਂ ਦੇਸ਼ਾਂ ਵਿਚਕਾਰ ਵੀਰਵਾਰ ਦੇਰ ਸ਼ਾਮ ਆਨਲਾਈਨ ਮੀਟਿੰਗ ਜ਼ਰੀਏ ਭਾਰਤ-ਬ੍ਰਿਟੇਨ ਵਿੱਤੀ ਬਾਜ਼ਾਰ ਸੰਵਾਦ ਦੀ ਪਹਿਲੀ ਬੈਠਕ ਹੋਈ। ਵਿੱਤੀ ਖੇਤਰ ਵਿਚ ਦੋ-ਪੱਖੀ ਸਬੰਧਾਂ ਨੂੰ ਮਜਬੂਤ ਬਣਾਉਣ ਲਈ ਅਕਤੂਬਰ 2020 ਵਿਚ ਇਸ ਸੰਵਾਦ ਦੀ ਸਥਾਪਨਾ ਹੋਈ ਸੀ। ਬੈਠਕ ਵਿਚ ਵਿੱਤ ਮੰਤਰਾਲਾ ਦੇ ਆਲਾ ਅਧਿਕਾਰੀਆਂ ਦੇ ਨਾਲ ਹੀ ਸੁਤੰਤਰ ਰੈਗੂਲੇਟਰੀ ਏਜੰਸੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਵਿਚ ਭਾਰਤੀ ਰਿਜ਼ਰਵ ਬੈਂਕ, ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ, ਕੌਮਾਂਤਰੀ ਵਿੱਤੀ ਸੇਵਾ ਕੇਂਦਰ ਅਥਾਰਟੀ, ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਅਤੇ ਬੈਂਕ ਆਫ ਇੰਗਲੈਂਡ ਸ਼ਾਮਲ ਸਨ। ਇਸ ਦੌਰਾਨ ਬੈਂਕਿੰਗ ਤੇ ਭੁਗਤਾਨ, ਬੀਮਾ ਤੇ ਪੂੰਜੀ ਬਾਜ਼ਾਰ ਨਾਲ ਜੁੜੇ ਮੁੱਦਿਆਂ 'ਤੇ ਦੋਹਾਂ ਦੇਸ਼ਾਂ ਨੇ ਖਾਸ ਤੌਰ 'ਤੇ ਵਿਚਾਰ ਵਟਾਂਦਰਾ ਕੀਤਾ।


author

Sanjeev

Content Editor

Related News