ਹੁਣ ਗੂਗਲ-ਫੇਸਬੁੱਕ ਨੂੰ ਭਾਰਤ ਵਿਚ ਦੇਣਾ ਹੋਵੇਗਾ ਟੈਕਸ
Monday, Dec 17, 2018 - 07:32 PM (IST)
ਨਵੀਂ ਦਿੱਲੀ- ਫੇਸਬੁੱਕ ਅਤੇ ਗੂਗਲ ਵਰਗੀਆਂ ਇੰਟਰਨੈੱਟ ਕੰਪਨੀਆਂ ਨੂੰ ਭਾਰਤ ਵਿਚ ਡਾਟਾ ਸਟੋਰ ਕਰਨ ਲਈ ਸਰਕਾਰ ਡਾਟਾ ਸੁਰੱਖਿਆ ਦੇ ਮੱਦੇਨਜਰ ਹੀ ਜ਼ੋਰ ਨਹੀਂ ਦੇ ਰਹੀ ਹੈ ਸਗੋਂ ਇਸ ਦਾ ਮਕਸੱਦ ਇਹ ਯਕੀਨੀ ਕਰਨਾ ਵੀ ਹੈ ਕਿ ਕੰਪਨੀਆਂ ਇੱਥੋਂ ਕੀਤੀ ਕਮਾਈ ਉੱਤੇ ਟੈਕਸ ਚੁਕਾਏ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਭਾਰਤ ਵਿਚ ਕਾਰੋਬਾਰ ਕਰ ਰਹੀਆਂ ਵਿਦੇਸ਼ੀ ਕੰਪਨੀਆਂ ਭਾਰਤ ਦੇ ਟੈਕਸ ਅਧਿਕਾਰ ਖੇਤਰ ਤੋਂ ਬਾਹਰ ਰਹਿ ਕੇ ਕੰਮ ਕਰ ਰਹੀਆਂ ਹਨ। ਇਹ ਜ਼ਿਆਦਾਤਰ ਸੇਵਾਵਾਂ ਵਿਦੇਸ਼ਾਂ ਤੋਂ ਦੇ ਰਹੀਆਂ ਹਨ। ਇਸ ਲਈ ਟੈਕਸ ਚੁਕਾਉਣ ਤੋਂ ਬੱਚ ਜਾਂਦੀਆਂ ਹਨ। ਧਿਆਨ ਯੋਗ ਹੈ ਕਿ ਸਰਕਾਰ ਉਨ੍ਹਾਂ ਕੰਪਨੀਆਂ ਤੋਂ ਟੈਕਸ ਵਸੂਲ ਕਰ ਸਕਦੀ ਹੈ ਜਿਨ੍ਹਾਂ ਦੀ ਹਾਜ਼ਰੀ ਭਾਰਤ ਵਿਚ ਹੋਵੇ। ਅਜੇ ਫੇਸਬੁੱਕ ਭਾਰਤ ਵਿਚ ਮੌਜੂਦ ਰਹੇ ਬਿਨਾਂ ਆਪਣੀਆਂ ਸਾਰੀਆਂ ਸੇਵਾਵਾਂ ਦੇ ਸਕਦੇ ਹਨ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਬਸਿਡਰੀ ਕੰਪਨੀਆਂ ਇੱਥੇ ਹਨ ਪਰ ਉਹ ਸੀਮਿਤ ਕਾਰੋਬਾਰ ਕਰ ਰਹੀਆਂ ਹਨ। ਉਨ੍ਹਾਂ ਕਿਹਾ, ''ਜਦੋਂ ਤੁਸੀ (ਭਾਰਤੀ ਯੂਜਰ) ਫੇਸਬੁੱਕ ਜਾਂ ਗੂਗਲ ਉੱਤੇ ਸਾਈਨਅਪ ਕਰਦੇ ਹੋ ਤਾਂ ਤੁਹਾਡਾ ਕਾਂਟਰੈਕਟ ਉਨ੍ਹਾਂ ਦੇ ਭਾਰਤੀ ਦਫਤਰ ਦੇ ਨਾਲ ਨਹੀਂ ਹੁੰਦਾ। ਇਸ ਲਈ ਮੇਰੀ ਸਮਝ ਵਿਚ ਕੁੱਝ ਹੋਰ ਵੀ ਕਾਰਨ ਹਨ ਪਰ ਲੋਕਲ ਸਰਵਰ ਉੱਤੇ ਡਾਟਾ ਸਟੋਰ ਹੋਣ ਨਾਲ ਟੈਕਸੇਸ਼ਨ ਅਤੇ ਰੈਵੇਨਿਊ ਵਿਚ ਮਦਦ ਮਿਲੇਗੀ।''
ਵਿਦੇਸ਼ੀ ਕੰਪਨੀਆਂ ਨੂੰ ਕਿਉਂ ਛੱਡੀਏ?
ਅਧਿਕਾਰੀ ਨੇ ਕਿਹਾ ਕਿ ਇਹ ਫੇਸਬੁੱਕ ਤੱਕ ਸੀਮਿਤ ਨਹੀਂ ਹੈ ਸਗੋਂ ਉਨ੍ਹਾਂ ਸਾਰੀਆਂ ਵਿਦੇਸ਼ੀ ਆਨਲਾਈਨ ਕੰਪਨੀਆਂ ਉੱਤੇ ਲਾਗੂ ਹੋਵੇਗਾ ਜਿਹੜੀਆਂ ਇੱਥੇ ਕਾਰੋਬਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਕਹਿ ਸਕਦਾ ਹੈ ਕਿ ਸਰਕਾਰ ਨੂੰ ਫੇਸਬੁੱਕ ਤੋਂ ਕਮਾਈ ਨਹੀਂ ਕਰਨੀ ਚਾਹੀਦੀ ਹੈ ਪਰ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਹਾਂ ਕਿ ਉਹ ਬਹੁਤ ਪੈਸਾ ਬਣਾ ਰਹੇ ਹਾਂ। ਜੇਕਰ ਕਿਸੇ ਭਾਰਤੀ ਕੰਪਨੀ ਨੇ ਆਨਲਾਈਨ ਜਾਂ ਆਫਲਾਈਨ ਕਾਰੋਬਾਰ ਨਾਲ ਇੰਨੀ ਕਮਾਈ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਬਹੁਤ ਟੈਕਸ ਦੇਣਾ ਪੈਂਦਾ ਤਾਂ ਫਿਰ ਉਨ੍ਹਾਂ ਨੂੰ ਕਿਉਂ ਛੱਡ ਦਿੱਤਾ ਜਾਵੇ। ਫੇਸਬੁੱਕ ਅਤੇ ਗੂਗਲ ਨੇ ਇਸ ਮਸਲੇ ਉੱਤੇ ਪੁੱਛੇ ਗਏ ਸਵਾਲਾਂ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਟੈਕਸ ਅਥਾਰਿਟੀਜ ਨੂੰ ਮਿਲੇਗਾ ਅਧਿਕਾਰ
ਅਸ਼ੋਕ ਮਹੇਸ਼ਵਰੀ ਐਂਡ ਐਸੋਸੀਏਟਸ ਦੇ ਪਾਰਟਨਰ ਅਮਿਤ ਮਹੇਸ਼ਵਰੀ ਕਹਿੰਦੇ ਹਨ ਕਿ ਇਕ ਵਾਰ ਇਹ ਕੰਪਨੀਆਂ ਭਾਰਤ ਵਿਚ ਸਰਵਰ ਲਾ ਲੈਣ ਤਾਂ ਉਨ੍ਹਾਂ ਨੂੰ ਸਥਾਈ ਸੰਸਥਾਨ ਮੰਨਿਆ ਜਾਵੇਗਾ ਅਤੇ ਅਥਾਰਿਟੀਆਂ ਨੂੰ ਉਨ੍ਹਾਂ ਨੂੰ ਦੇਸ਼ ਵਿਚ ਹੋਣ ਵਾਲੀ ਕਮਾਈ ਉੱਤੇ ਟੈਕਸ ਵਸੂਲਣ ਦਾ ਅਧਿਕਾਰ ਮਿਲ ਜਾਵੇਗਾ।
ਗੂਗਲ ਟੈਕਸ
2016 ਵਿਚ ਭਾਰਤ ਨੇ ਇਕਵਲਾਈਜੇਸ਼ਨ ਲੇਵੀ ਦੀ ਸ਼ੁਰੂਆਤ ਕੀਤੀ ਸੀ ਜਿਸ ਨੂੰ ਗੂਗਲ ਟੈਕਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨਿਯਮ ਤਹਿਤ ਦੇਸ਼ ਦੇ ਕਾਰੋਬਾਰੀਆਂ ਵਲੋਂ ਵਿਦੇਸ਼ੀ ਆਨਲਾਈਨ ਸਰਵਿਸ ਪ੍ਰੋਵਾਈਡਰਾਂ, ਮਸਲਨ ਗੂਗਲ, ਯਾਹੂ, ਟਵਿੱਟਰ, ਫੇਸਬੁੱਕ ਆਦਿ ਨੂੰ ਦਿੱਤੇ ਆਨਲਾਈਨ ਇਸ਼ਤਿਹਾਰ ਲਈ ਭੁਗਤਾਨ ਕੀਤੀ ਗਈ ਰਾਸ਼ੀ ਉੱਤੇ 6 ਫ਼ੀਸਦੀ ਲੇਵੀ ਵਸੂਲਿਆ ਜਾਂਦਾ ਹੈ। ਸ਼ੁਰੂਆਤੀ ਵਿਰੋਧ ਦੇ ਬਾਵਜੂਦ ਮਾਰਚ 2018 ਤੱਕ ਭਾਰਤ ਨੂੰ 1000 ਕਰੋੜ ਰੁਪਏ ਇਕਵਲਾਈਜੇਸ਼ਨ ਲੇਵੀ ਮਿਲਿਆ ਹੈ।
ਮੋਟੀ ਹੈ ਆਮਦਨੀ
ਭਾਰਤ ਵਿਚ ਰੈਗੁਲੈਟਰੀ ਫਾਈਲਿੰਗ ਮੁਤਾਬਕ ਵਿੱਤੀ ਸਾਲ 2017 ਵਿਚ ਫੇਸਬੁੱਕ ਨੇ 341.8 ਕਰੋੜ ਰੁਪਏ ਦੇ ਮਾਲੀਏ ਉੱਤੇ 40.7 ਕਰੋੜ ਰੁਪਏ ਦਾ ਲਾਭ ਕਮਾਇਆ। ਮੌਜੂਦਾ ਵਿੱਤੀ ਸਾਲ ਦੇ ਅੰਕੜੇ ਅਜੇ ਮੁਹੱਈਆ ਨਹੀਂ ਹਨ। ਸਤੰਬਰ ਵਿਚ ਕਿਹਾ ਗਿਆ ਸੀ ਕਿ 2018 ਵਿਚ ਫੇਸਬੁੱਕ ਨੂੰ ਭਾਰਤ ਤੋਂ 98 ਕਰੋੜ ਡਾਲਰ ਕਮਾਈ ਦਾ ਅੰਦਾਜਾ ਹੈ। ਵਿੱਤੀ ਸਾਲ 2018 ਵਿਚ ਗੂਗਲ ਇੰਡੀਆ ਨੇ 30 ਫ਼ੀਸਦੀ ਉਛਾਲ ਦੇ ਨਾਲ 9337 ਕਰੋੜ ਰੁਪਏ ਦੇ ਮਾਲੀਏ ਦਾ ਐਲਾਨ ਕੀਤਾ ਸੀ।
