ਭਾਰਤ ਨੇ ਐਕਸਪੋਰਟ ਪਾਬੰਦੀ ਦੌਰਾਨ ਵੀ 18 ਲੱਖ ਟਨ ਕਣਕ ਬਾਹਰ ਭੇਜੀ : ਸਰਕਾਰ
Tuesday, Jun 28, 2022 - 12:38 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਕਣਕ ਐਕਸਪੋਰਟ ’ਤੇ ਹਾਲ ਹੀ ’ਚ ਪਾਬੰਦੀ ਲਗਾਉਣ ਤੋਂ ਬਾਅਦ ਖਾਸ ਕਰ ਕੇ ਪੱਛਮੀ ਦੇਸ਼ਾਂ ਵਲੋਂ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਰਤ ਨੇ ਇਕ ਗਲੋਬਲ ਮੰਚ ਨੂੰ ਦੱਸਿਆ ਕਿ ਉਸ ਨੇ ਪਾਬੰਦੀ ਦੌਰਾਨ ਵੀ ਖੁਰਾਕ ਸਹਾਇਤਾ ਲਈ 18 ਲੱਖ ਟਨ ਕਣਕ ਐਕਸਪੋਰਟ ਕੀਤੀ ਹੈ।
ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡ ਨੇ ਬਰਲਿਨ ’ਚ ਖੁਰਾਕ ਸੁਰੱਖਿਆ ਨੂੰ ਲੈ ਕੇ ‘ਯੂਨਾਈਟਿਡ ਫਾਰ ਗਲੋਬਲ ਫੂਡ ਸਕਿਓਰਿਟੀ’ ਵਿਸ਼ੇ ’ਤੇ ਇਕ ਬੈਠਕ ’ਚ ਕਿਹਾ ਕਿ ਭਾਰਤ ਨੇ 13 ਮਈ ਨੂੰ ਕਣਕ ਦੀ ਐਕਸਪੋਰਟ ’ਤੇ ਲਗਾਈ ਗਈ ਪਾਬੰਦੀ ਤੋਂ ਬਾਅਦ ਹੁਣ ਤੱਕ ਵੱਖ-ਵੱਖ ਦੇਸ਼ਾਂ ਨੂੰ ਖੁਰਾਕ ਸਹਾਇਤਾ ਲਈ ਕੁੱਲ 18 ਲੱਖ ਟਨ ਕਣਕ ਦੀ ਸਪਲਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਨੇ ਰਿਕਾਰਡ 70 ਲੱਖ ਟਨ ਕਣਕ ਦੀ ਐਕਸਪੋਰਟ ਕੀਤੀ ਸੀ ਜਦ ਕਿ ਆਮ ਤੌਰ ’ਤੇ ਦੇਸ਼ ਸਾਲਾਨਾ 20 ਲੱਖ ਟਨ ਕਣਕ ਦੀ ਐਕਸਪੋਰਟ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਣਕ ਦੇ ਕੌਮਾਂਤਰੀ ਵਪਾਰ ’ਚ ਭਾਰਤ ਦੀ ਹਿੱਸੇਦਾਰੀ ਸਿਰਫ ਇਕ ਫੀਸਦੀ ਹੈ।
ਪਾਂਡੇ ਨੇ ਕਿਹਾ ਕਿ ਐਕਸਪੋਰਟ ’ਤੇ ਪਾਬੰਦੀ ਤੋਂ ਬਾਅਦ ਦੇਸ਼ ਨੇ 22 ਜੂਨ ਤੱਕ 18 ਲੱਖ ਟਨ ਕਣਕ ਵਿਦੇਸ਼ਾਂ ਨੂੰ ਐਕਸਪੋਰਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇਜ਼ਰਾਈਲ, ਇੰਡੋਨੇਸ਼ੀਆ, ਮਲੇਸ਼ੀਆ, ਨੇਪਾਲ, ਓਮਾਨ, ਫਿਲੀਪੀਂਸ, ਕਤਰ, ਦੱਖਣੀ ਕੋਰੀਆ, ਸ਼੍ਰੀਲੰਕਾ, ਸਵਿਟਜਰਲੈਂਡ, ਥਾਈਲੈਂਡ, ਯੂ. ਏ. ਈ., ਵੀਅਤਨਾਮ ਅਤੇ ਯਮਨ ਨੂੰ ਕਣਕ ਪਹੁੰਚਾਈ ਗਈ ਹੈ।