ਕ੍ਰਿਪਟੋ ਕਰੰਸੀ ’ਤੇ ਭਾਰਤ, ਚੀਨ ਅਤੇ ਅਮਰੀਕਾ ਨੇ ਇਕੱਠੇ ਕੱਸਿਆ ਸ਼ਿਕੰਜਾ, Paytm ਨੇ ਟ੍ਰਾਂਜੈਕਸ਼ਨ ਰੋਕੀ

Saturday, May 22, 2021 - 01:08 PM (IST)

ਕ੍ਰਿਪਟੋ ਕਰੰਸੀ ’ਤੇ ਭਾਰਤ, ਚੀਨ ਅਤੇ ਅਮਰੀਕਾ ਨੇ ਇਕੱਠੇ ਕੱਸਿਆ ਸ਼ਿਕੰਜਾ, Paytm ਨੇ ਟ੍ਰਾਂਜੈਕਸ਼ਨ ਰੋਕੀ

ਬਿਜ਼ਨੈੱਸ ਡੈਸਕ(ਨਰੇਸ਼ ਅਰੋੜਾ) : ਕ੍ਰਿਪਟੋ ਕਰੰਸੀ ਦੇ ਕਾਰੋਬਾਰ ’ਤੇ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਨੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਆਦੇਸ਼ ਤੋਂ ਬਾਅਦ ਭਾਰਤ ’ਚ ਪੇਅ. ਟ. ਐੱਮ. ਬੈਂਕ ਨੇ ਸ਼ੁੱਕਰਵਾਰ ਸ਼ਾਮ ਤੋਂ ਕ੍ਰਿਪਟੋ ਕਰੰਸੀ ’ਚ ਟ੍ਰਾਂਜੈਕਸ਼ਨ ਬੰਦ ਕਰਨ ਦਾ ਐਲਾਨ ਕੀਤਾ ਹੈ ਜਦ ਕਿ ਚੀਨ ਨੇ ਬਿਟਕੁਆਈਨ ਦੀ ਮਾਈਨਿੰਗ ’ਤੇ ਸਖਤੀ ਦਾ ਐਲਾਨ ਕੀਤਾ ਹੈ।

ਪੇਅ. ਟੀ. ਐੱਮ. ਦੇ ਇਸ ਐਲਾਨ ਤੋਂ ਬਾਅਦ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲੇ ਉਨ੍ਹਾਂ ਸਾਰੇ ਨਿਵੇਸ਼ਕਾਂ ਦਾ ਪੈਸਾ ਕ੍ਰਿਪਟੋ ਕਰੰਸੀ ਮਾਰਕੀਟ ’ਚ ਫਸ ਜਾਏਗਾ, ਜਿਨ੍ਹਾਂ ਨੇ ਰਾਤੋ-ਰਾਤ ਅਮੀਰ ਬਣਨ ਦੇ ਚੱਕਰ ’ਚ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕੀਤਾ ਹੋਇਆ ਸੀ। ਵੱਖ-ਵੱਖ ਕ੍ਰਿਪਟੋ ਐਕਸਚੇਂਜ ਦੇ ਡਾਟਾ ਮੁਤਾਬਕ ਕਰੀਬ ਡੇਢ ਕਰੋੜ ਭਾਰਤੀ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਦੇ ਹਨ ਅਤੇ ਭਾਰਤੀਆਂ ਨੇ ਕ੍ਰਿਪਟੋ ਕਰੰਸੀ ਬਾਜ਼ਾਰ ’ਚ 15 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਇਹ ਨਿਵੇਸ਼ ਵਜ਼ੀਰ ਐਕਸ, ਕੁਆਈਨ ਸਵਿੱਚ ਵਰਗੇ ਐਪਲੀਕੇਸ਼ਨ ਦੇ ਮਾਧਿਅਮ ਰਾਹੀ ਕੀਤਾ ਗਿਆ ਹੈ। ਮੋਬਾਇਲ ਐਪ ’ਤੇ ਅਜਿਹੇ ਕਰੀਬ 350 ਸਟਾਰਟਅਪ ਹਨ ਜੋ ਕ੍ਰਿਪਟੋ ਕਰੰਸੀ ਬਾਜ਼ਾਰ ’ਚ ਨਿਵੇਸ਼ ਕਰਵਾਉਣ ਦਾ ਕੰਮ ਕਰਦੇ ਹਨ।

ਅਮਰੀਕਾ ਅਤੇ ਚੀਨ ਨੇ ਇਸੇ ਹਫਤੇ ਕੀਤੀ ਸਖਤੀ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੀਨ ਨੇ ਆਪਣੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਨ ਵਾਲਿਆਂ ਨੂੰ ਸੇਵਾਵਾਂ ਨਾ ਮੁਹੱਈਆ ਕਰਵਾਉਣ। ਬੈਂਕਾਂ ਨੂੰ ਕਿਹਾ ਗਿਆ ਕਿ ਉਹ ਕ੍ਰਿਪਟੋ ਦੇ ਨਿਵੇਸ਼ਕਾਂ ਨੂੰ ਰਜਿਸਟ੍ਰੇਸ਼ਨ ਕਰਨ ਅਤੇ ਆਨਲਾਈਨ ਪੇਮੈਂਟ ਚੈਨਲ ਬਣਾਉਣ ਅਤੇ ਟ੍ਰੇਡਿੰਗ ਅਤੇ ਸੈਟਲਮੈਂਟ ਦੇ ਕੰਮ ’ਚ ਸਹਿਯੋਗ ਨਾ ਦੇਣ। ਚੀਨ ਦੀ ਇਸ ਚਿਤਾਵਨੀ ਤੋਂ ਬਾਅਦ ਕ੍ਰਿਪਟੋ ਕਰੰਸੀ ਬਾਜ਼ਾਰ ਢਹਿ-ਢੇਰੀ ਹੋ ਗਿਆ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਅਮਰੀਕਾ ਦੇ ਵਿੱਤੀ ਵਿਭਾਗ ਨੇ ਕ੍ਰਿਪਟੋ ਕਰੰਸੀ ’ਚ ਹੋ ਰਹੇ ਨਿਵੇਸ਼ ’ਤੇ ਕੰਟਰੋਲ ਲਈ ਕ੍ਰਿਪਟੋ ਕਰੰਸੀ ’ਚ ਕੀਤੇ ਜਾਣ ਵਾਲੇ 10 ਹਜ਼ਾਰ ਡਾਲਰ ਤੋਂ ਉੱਪਰ ਦੇ ਨਿਵੇਸ਼ ਦੀ ਜਾਣਕਾਰੀ ਇੰਟਰਨਲ ਰੈਵੇਨਿਊ ਸਰਵਿਸ ਨੂੰ ਦੇਣ ਦਾ ਨਿਯਮ ਬਣਾਇਆ ਹੈ।

ਆਰ. ਬੀ. ਆਈ. ਦੇ ਆਦੇਸ਼ ਤੋਂ ਬਾਅਦ ਪੇਅ. ਟੀ. ਐੱਮ. ਬੈਂਕ ਨੇ ਰੋਕੀ ਟ੍ਰਾਂਜੈਕਸ਼ਨ

ਦਰਅਸਲ ਰਿਜ਼ਰਵ ਬੈਂਕ ਇੰਡੀਆ ਵਲੋਂ ਕ੍ਰਿਪਟੋ ਕਰੰਸੀ ਨੂੰ ਲੈ ਕੇ ਜਾਰੀ ਕੀਤੇ ਗਏ ਆਦੇਸ਼ ਤੋਂ ਬਾਅਦ 20 ਮਈ ਨੂੰ ਭਾਰਤੀ ਬੈਂਕਾਂ ਨੇ ਸਪੱਸ਼ਟ ਕੀਤਾ ਸੀ ਕਿ ਉਹ ਹੁਣ ਕ੍ਰਿਪਟੋ ਐਕਸਚੇਂਜਾਂ ਨਾਲ ਕਾਰੋਬਾਰ ਨਹੀਂ ਕਰਨਗੇ।

ਇਕਨੌਮਿਕ ਟਾਈਮਸ ’ਚ ਆਈ ਰਿਪੋਰਟ ਮੁਤਾਬਕ ਭਾਰਤ ਕ੍ਰਿਪਟੋ ਐਕਸਚੇਂਜ ਦੇ ਸੀ. ਈ. ਓ. ਨੇ ਪੇਅ. ਟੀ. ਐੱਮ. ਬੈਂਕ ਦੇ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੇਅ. ਟੀ. ਐੱਮ. ਬੈਂਕ ਨੇ 20 ਮਈ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ 21 ਮਈ ਸ਼ਾਮ ਤੋਂ ਬਾਅਦ ਕ੍ਰਿਪਟੋ ਟ੍ਰਾਂਜੈਕਸ਼ਨ ਨਹੀਂ ਕਰੇਗਾ ਪਰ ਬੈਂਕ ਨੇ ਇਸ ਦਾ ਕਾਰਨ ਨਹੀਂ ਦੱਸਿਆ ਸੀ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਵਜ਼ੀਰ ਐਕਸ, ਬਾਯ ਯੂ. ਕੁਆਈਨ ਅਤੇ ਜੇਬ ਪੇਅ ਵਰਗੀ ਕ੍ਰਿਪਟੋ ਕਰੰਸੀ ਐਕਸਚੇਂਜਾਂ ਨਾਲ ਆਪਣੇ ਕਾਰੋਬਾਰੀ ਸਬੰਧਾਂ ’ਤੇ ਮੁੜ ਵਿਚਾਰ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ ਬੈਂਕਾਂ ਨੇ 20 ਮਈ ਨੂੰ ਕ੍ਰਿਪਟੋ ਐਕਸਚੇਂਜਾਂ ਨਾਲ ਕਾਰੋਬਾਰ ਨਾ ਕਰਨ ਦੀ ਗੱਲ ਕਹੀ ਸੀ। ਰਿਜ਼ਰਵ ਬੈਂਕ ਦੇ ਇਸ ਆਦੇਸ਼ ਤੋਂ ਬਾਅਦ ਹੋਰ ਬੈਂਕ ਅਤੇ ਆਨਲਾਈਨ ਪੇਮੈਂਟ ਕਰਨ ਵਾਲੇ ਐਪਲੀਕੇਸ਼ਨ ਵੀ ਕ੍ਰਿਪਟੋ ਐਕਸਚੇਂਜਾਂ ਨਾਲ ਕਾਰੋਬਾਰ ਰੋਕ ਸਕਦੇ ਹਨ।

ਚੀਨ ਦਾ ਕ੍ਰਿਪਟੋ ਦੀ ਮਾਈਨਿੰਗ ’ਤੇ ਸ਼ਿਕੰਜਾ, ਬਿਟਕੁਆਈਨ ਫਿਰ 10 ਫੀਸਦੀ ਟੁੱਟਾ

ਬੁੱਧਵਾਰ ਨੂੰ ਆਪਣੇ 30 ਹਜ਼ਾਰ ਡਾਲਰ ਦੇ ਹੇਠਲੇ ਪੱਧਰ ਤੋਂ ਸੁਧਾਰ ਕਰਨ ਅਤੇ ਵੀਰਵਾਰ ਨੂੰ ਮੁੜ 42 ਹਜ਼ਾਰ ’ਤੇ ਪਹੁੰਚਣ ਤੋਂ ਬਾਅਦ ਸ਼ੁੱਕਰਵਾਰ ਨੂੰ ਬਿਟਕੁਆਈਨ ’ਚ ਇਕ ਵਾਰ ਮੁੜ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ ਡਿੱਗ ਕੇ 38449 ਦੇ ਪੱਧਰ ’ਤੇ ਪਹੁੰਚ ਗਿਆ। ਹਾਲਾਂਕਿ ਦੇਰ ਸ਼ਾਮਲ ਇਸ ’ਚ ਰਿਕਵਰੀ ਦੇਖਣ ਨੂੰ ਮਲੀ ਅਤੇ ਇਹ 41 ਹਜ਼ਾਰ ਦੇ ਪੱਧਰ ’ਤੇ ਕਾਰੋਬਾਰ ਕਰ ਰਿਹੀ ਸੀ। ਹਾਲਾਂਕਿ ਇਸ ਦਰਮਿਆਨ ਸ਼ੁੱਕਰਵਾਰ ਸ਼ਾਮ ਤੱਕ ਯੂਨੀਸਵੈਪ ਅਤੇ ਚੇਨ ਲਿੰਕ ਵਰਗੀਆਂ ਹੋਰ ਕ੍ਰਿਪਟੋ ਕਰੰਸੀ 9 ਫੀਸਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਸੀ ਅਤੇ ਕ੍ਰਿਪਟੋ ਕਰੰਸੀ ਐਕਸਚੇਂਜ ਦਾ ਮਾਰਕੀਟ ਕੈਪਿਟਲਾਈਜੇਸ਼ਨ ਵੀ 14 ਫੀਸਦੀ ਘੱਟ ਹੋ ਕੇ 1.62 ਖਰਬ ਡਾਲਰ ਰਹਿ ਗਿਆ ਸੀ।

ਚੀਨ ਨੂੰ ਵਿੱਤੀ ਢਾਂਚਾ ਢਹਿ-ਢੇਰੀ ਹੋਣ ਦਾ ਖਤਰਾ

ਚੀਨ ’ਚ ਵਧ ਰਹੇ ਕ੍ਰਿਪਟੋ ਕਰੰਸੀ ਦੇ ਪ੍ਰਭਾਵ ਕਾਰਨ ਚੀਨ ਨੂੰ ਆਪਣੀ ਅਰਥਵਿਵਸਥਾ ਅਤੇ ਵਿੱਤੀ ਢਾਂਚੇ ਨੂੰ ਠੇਸ ਪਹੁੰਚਾਉਣ ਦਾ ਖਤਰਾ ਸਤਾ ਰਿਹਾ ਹੈ। ਲਿਹਾਜਾ ਚੀਨ ਨੇ ਕ੍ਰਿਪਟੋ ਕਰੰਸੀ ਮਾਰਕੀਟ ’ਤੇ ਜ਼ਿਆਦਾ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਨ ਨੂੰ ਲਗਦਾ ਹੈ ਕਿ ਜੇ ਕ੍ਰਿਪਟੋ ਕਰੰਸੀ ਦਾ ਪ੍ਰਭਾਵ ਵਧਦਾ ਗਿਆ ਤਾਂ ਚੀਨ ’ਚ ਸ਼ੇਅਰ ਬਾਜ਼ਾਰ, ਵਿੱਤੀ ਸੰਸਥਾਵਾਂ, ਵਿਦੇਸ਼ੀ ਕਰੰਸੀ ਕਾਰੋਬਾਰ ਅਤੇ ਹੋਰ ਕਿਸਮ ਦੇ ਵਿੱਤੀ ਲੈਣ-ਦੇਣ ਪ੍ਰਭਾਵਿਤ ਹੋਣਗੇ। ਚੀਨ ਨੇ 2014 ਤੋਂ ਹੀ ਕ੍ਰਿਪਟੋ ਕਰੰਸੀ ਨੂੰ ਲੈ ਕੇ ਨਕਾਰਾਤਮਕ ਰੁਖ ਅਪਣਾਇਆ ਹੋਇਆ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਹੀ ਉਸ ਦਾ ਰੁਖ ਹੋਰ ਹਮਲਾਵਰ ਹੋ ਗਿਆ ਹੈ।


author

Harinder Kaur

Content Editor

Related News