ਭਾਰਤ, ਬ੍ਰਿਟੇਨ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ ’ਤੇ ਅਗਲੇ ਦੌਰ ਦੀ ਗੱਲਬਾਤ ਇਸ ਮਹੀਨੇ ਕਰਨਗੇ
Monday, Jul 08, 2024 - 11:34 AM (IST)
ਮੁੰਬਈ - ਬ੍ਰਿਟੇਨ ’ਚ ਨਵੀਂ ਸਰਕਾਰ ਦੇ ਕਾਰਜਭਾਰ ਸੰਭਾਲਣ ਦੇ ਨਾਲ ਹੀ ਭਾਰਤ ਅਤੇ ਬ੍ਰਿਟੇਨ ਦੇ ਸੀਨੀਅਰ ਅਧਿਕਾਰੀ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਪੈਂਡਿੰਗ ਮੁੱਦਿਆਂ ਨੂੰ ਸੁਲਝਾਉਣ ਅਤੇ ਗੱਲਬਾਤ ਨੂੰ ਆਖਰੀ ਰੂਪ ਦੇਣ ਲਈ ਇਸ ਮਹੀਨੇ ਅਗਲੇ ਦੌਰ ਦੀ ਗੱਲਬਾਤ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਐੱਫ. ਟੀ. ਏ. ਲਈ ਭਾਰਤ-ਬ੍ਰਿਟੇਨ ਗੱਲਬਾਤ ਜਨਵਰੀ, 2022 ’ਚ ਸ਼ੁਰੂ ਹੋਈ ਸੀ। ਦੋਵਾਂ ਦੇਸ਼ਾਂ ’ਚ ਆਮ ਚੋਣਾਂ ਕਾਰਨ 14ਵੇਂ ਦੌਰ ਦੀ ਗੱਲਬਾਤ ਰੁਕ ਗਈ। ਅਧਿਕਾਰੀ ਨੇ ਕਿਹਾ ਕਿ ਦੋਵੇਂ ਪੱਖ ਸੰਪਰਕ ’ਚ ਹਨ ਅਤੇ ਅਗਲਾ ਦੌਰ ਇਸ ਮਹੀਨੇ ਸ਼ੁਰੂ ਹੋਵੇਗਾ। ਬ੍ਰਿਟੇਨ ਦੇ ਨਵੇਂ-ਚੁਣੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਦੋਵੇਂ ਪੱਖਾਂ ਲਈ ਲਾਭਕਾਰੀ ਐੱਫ. ਟੀ. ਏ. ਨੂੰ ਪੂਰਾ ਕਰਨ ਲਈ ਤਿਆਰ ਹਨ।