ਭਾਰਤ, ਸਾਊਦੀ ਅਰਬ ਨੇ ਰੁਪਏ-ਰਿਆਲ ਵਪਾਰ, UPI ਭੁਗਤਾਨ ਵਿਵਸਥਾ ’ਤੇ ਕੀਤੀ ਚਰਚਾ
Tuesday, Sep 20, 2022 - 10:20 AM (IST)
 
            
            ਨਵੀਂ ਦਿੱਲੀ (ਭਾਸ਼ਾ) – ਭਾਰਤ ਅਤੇ ਸਾਊਦੀ ਅਰਬ ਨੇ ਰੁਪਏ ਅਤੇ ਰਿਆਲ ’ਚ ਵਪਾਰ ਨੂੰ ਸੰਸਥਾਗਤ ਰੂਪ ਦੇਣ ਦੀ ਸੰਭਾਵਨਾ ਅਤੇ ਉੱਥੇ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਅਤੇ ਰੁਪੇ ਕਾਰਡ ਪੇਸ਼ ਕੀਤੇ ਜਾਣ ’ਤੇ ਚਰਚਾ ਕੀਤੀ ਹੈ। ਵਪਾਰ ਮੰਤਰਾਲਾ ਮੁਤਾਬਕ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੇ 18-19 ਸਤੰਬਰ ਨੂੰ ਰਿਆਦ ਯਾਤਰਾ ਦੌਰਾਨ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਉਹ ਭਾਰਤ-ਸਾਊਦੀ ਅਰਬ ਰਣਨੀਤਿਕ ਭਾਈਵਾਲੀ ਪਰਿਸ਼ਦ ਦੀ ਮੰਤਰੀ ਪੱਧਰ ਦੀ ਬੈਠਕ ’ਚ ਸ਼ਾਮਲ ਹੋਏ।
ਗੋਇਲ ਅਤੇ ਸਾਊਦੀ ਅਰਬ ਦੇ ਊਰਜਾ ਮੰਤਰੀ ਸ਼ਹਿਜ਼ਾਦਾ ਅਬਦੁਲਅਜੀਜ ਬਿਨ ਸਲਮਾਨ ਅਲ-ਸਊਦ ਨੇ ਪਰਿਸ਼ਦ ਦੇ ਤਹਿਤ ਅਰਥਵਿਵਸਥਾ ਅਤੇ ਨਿਵੇਸ਼ ’ਤੇ ਕਮੇਟੀ ਦੀ ਮੰਤਰੀ ਪੱਧਰ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬਿਆਨ ਮੁਤਾਬਕ ਵਪਾਰ ਅਤੇ ਵਣਜ ਦਾ ਘੇਰਾ ਵਧਾਉਣ, ਵਪਾਰ ਰੁਕਾਵਟਾਂ ਨੂੰ ਦੂਰ ਕਰਨ, ਸਾਊਦੀ ਅਰਬ ’ਚ ਭਾਰਤੀ ਮੈਡੀਕਲ ਉਤਪਾਦਾਂ ਦੀ ਆਟੋਮੈਟਿਕ ਰਜਿਸਟ੍ਰੇਸ਼ਨ ਅਤੇ ਮਾਰਕੀਟਿੰਗ ਮਨਜ਼ੂਰੀ, ਰੁਪਏ-ਰਿਆਲ ਵਪਾਰ ਨੂੰ ਸੰਸਥਾਗਤ ਬਣਾਉਣ ਦੀ ਸੰਭਾਵਨਾ, ਸਾਊਦੀ ਅਰਬ ’ਚ ਯੂ. ਪੀ. ਆਈ. ਅਤੇ ਰੁਪਏ ਕਾਰਡ ਦੀ ਸ਼ੁਰੂਆਤ ਵਰਗੇ ਵਿਸ਼ਿਆਂ ’ਤੇ ਪ੍ਰਮੁੱਖ ਤੌਰ ’ਤੇ ਚਰਚਾ ਹੋਈ। ਗੋਇਲ ਨੇ ਸ਼ਹਿਜ਼ਾਦਾ ਅਬਦੁਲਅਜੀਜ ਬਿਨ ਸਲਮਾਨ ਅਲ-ਸਊਦ ਨਾਲ ਦੂਜੇ ਮੁੱਦਿਆਂ ’ਤੇ ਚਰਚਾ ਕੀਤੀ।
ਮੰਤਰੀ ਨੇ ਟਵਿਟਰ ’ਤੇ ਲਿਖਿਆ ਕਿ ਬੈਠਕ ’ਚ ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਕਿ ਜਲਵਾਯੂ ਬਦਲਾਅ ਦੀ ਸੰਵੇਦਨਸ਼ੀਲਤਾ ਨਾਲ ਊਰਜਾ ਸੁਰੱਖਿਆ ਕਿਵੇਂ ਆਰਥਿਕ ਵਾਧਾ ਅਤੇ ਖੁਸ਼ਹਾਲੀ ਪ੍ਰਦਾਨ ਕਰ ਸਕਦੀ ਹੈ। ਮੰਤਰੀ ਪੱਧਰ ਦੀ ਬੈਠਕ ’ਚ 4 ਪ੍ਰਮੁੱਖ ਖੇਤਰਾਂ ਖੇਤੀਬਾੜੀ ਅਤੇ ਖੁਰਾਕ ਸੁਰੱਖਿਆ, ਊਰਜਾ ਤਕਨਾਲੋਜੀ ਅਤੇ ਆਈ. ਟੀ. ਅਤੇ ਉਦਯੋਗ ਅਤੇ ਬੁਨਿਆਦੀ ਢਾਂਚਾ ਦੇ ਤਹਿਤ ਤਕਨੀਕੀ ਪਾਰਟੀਆਂ ਦੇ ਸਹਿਯੋਗ ਲਈ 41 ਖੇਤਰਾਂ ਦੀ ਪਛਾਣ ਕੀਤੀ ਹੈ। ਬੈਠਕ ’ਚ ਤਰਜੀਹ ਵਾਲੀਆਂ ਯੋਜਨਾਵਾਂ ਦੇ ਸਮੇਂ ਸਿਰ ਲਾਗੂ ਕਰਨ ਨੂੰ ਲੈ ਵੀ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਭਾਰਤ ’ਚ ਪੱਛਮੀ ਤੱਟ ਰਿਫਾਇਨਰੀ, ਐੱਲ. ਐੱਨ. ਜੀ. ਬੁਨਿਆਦੀ ਢਾਂਚੇ ’ਚ ਨਿਵੇਸ਼ ਅਤੇ ਰਣਨੀਤਿਕ ਪੈਟਰੋਲੀਅਮ ਸਟੋਰੇਜ਼ ਸਹੂਲਤਾਂ ਦੇ ਵਿਕਾਸ ਸਮੇਤ ਸਾਂਝੀਆਂ ਯੋਜਨਾਵਾਂ ’ਚ ਲਗਾਤਾਰ ਸਹਿਯੋਗ ਦੀ ਗੱਲ ਦੁਹਰਾਈ ਗਈ। ਮੰਤਰੀ ਨੇ ਇਕ ਵੱਖਰੀ ਬੈਠਕ ’ਚ ਦੋਵੇਂ ਦੇਸ਼ਾਂ ਦੇ ਐਕਜ਼ਿਮ (ਐਕਸਪੋਰਟ-ਇੰਪੋਰਟ) ਬੈਂਕਾਂ ਦਰਮਿਆਨ ਸੰਸਥਾਗਤ ਗਠਜੋੜ, ਤੀਜੇ ਦੇਸ਼ਾਂ ’ਚ ਸੰਯੁਕਤ ਯੋਜਨਾਾਂ, ਮਾਪਦੰਡਾਂ ਦੀ ਆਪਸੀ ਆਧਾਰ ’ਤੇ ਮਾਨਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਸਹਿਯੋਗ ਵਰਗੇ ਵਿਸ਼ਿਆਂ ’ਤੇ ਵਿਸਤਾਰ ਨਾਲ ਚਰਚਾ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            