ਭਾਰਤ ਦੀ GDP ''ਚ ਇਸ ਵਿੱਤੀ ਸਾਲ ''ਚ ਭਾਰੀ ਗਿਰਾਵਟ ਦਾ ਖਦਸ਼ਾ
Tuesday, Sep 08, 2020 - 03:55 PM (IST)
ਨਵੀਂ ਦਿੱਲੀ— ਭਾਰਤ ਦੀ ਅਰਥਵਿਵਸਥਾ 'ਚ ਚਾਲੂ ਵਿੱਤੀ ਸਾਲ 'ਚ 11.8 ਫੀਸਦੀ ਦੀ ਭਾਰੀ ਗਿਰਾਵਟ ਆ ਸਕਦੀ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ ਏਜੰਸੀ ਨੇ ਇਹ ਖਦਸ਼ਾ ਪ੍ਰਗਟ ਕੀਤਾ ਹੈ।
ਪਹਿਲਾਂ ਰੇਟਿੰਗ ਏਜੰਸੀ ਨੇ 5.3 ਫੀਸਦੀ ਗਿਰਾਵਟ ਦਾ ਅਨੁਮਾਨ ਲਾਇਆ ਸੀ। ਹਾਲਾਂਕਿ, ਏਜੰਸੀ ਦਾ ਅਨੁਮਾਨ ਹੈ ਕਿ ਵਿੱਤੀ ਸਾਲ 2021-22 'ਚ ਭਾਰਤੀ ਅਰਥਵਿਵਸਥਾ 9.9 ਫੀਸਦੀ ਦਾ ਵਾਧਾ ਦਰਜ ਕਰ ਸਕਦੀ ਹੈ। ਰੇਟਿੰਗ ਏਜੰਸੀ ਨੇ ਆਪਣੀ ਰਿਪੋਰਟ 'ਚ ਕਿਹਾ, ''ਜੀ. ਡੀ. ਪੀ. 'ਚ 11.8 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ, ਜੋ ਦੇਸ਼ ਦੇ ਇਤਿਹਾਸ 'ਚ ਅਰਥਵਿਵਸਥਾ ਦਾ ਸਭ ਤੋਂ ਕਮਜ਼ੋਰ ਅੰਕੜਾ ਹੋਵੇਗਾ।''
ਭਾਰਤ 'ਚ ਜੀ. ਡੀ. ਪੀ. ਦੇ ਅੰਕੜੇ 1950-51 ਤੋਂ ਉਪਲਬਧ ਹੋ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਛੇਵਾਂ ਮੌਕਾ ਹੋਵੇਗਾ ਜਦੋਂ ਦੇਸ਼ ਦੀ ਅਰਥਵਿਵਸਥਾ 'ਚ ਗਿਰਾਵਟ ਆਵੇਗੀ। ਇਸ ਤੋਂ ਪਹਿਲਾਂ ਵਿੱਤੀ ਸਾਲ 1957-58, 1965-66, 1966-67, 1972-73 ਅਤੇ 1979-80 'ਚ ਅਰਥਵਿਵਸਥਾ 'ਚ ਗਿਰਾਵਟ ਆਈ ਸੀ। ਸਭ ਤੋਂ ਵੱਡੀ ਗਿਰਾਵਟ 1979-80 'ਚ ਦਰਜ ਹੋਈ ਸੀ, ਉਸ ਸਮੇਂ ਅਰਥਵਿਵਸਥਾ 5.2 ਫੀਸਦੀ ਹੇਠਾਂ ਆਈ ਸੀ। ਏਜੰਸੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 23.9 ਫੀਸਦੀ ਦੀ ਗਿਰਾਵਟ, ਤਿਮਾਹੀ ਜੀ. ਡੀ. ਪੀ. ਅੰਕੜਿਆਂ ਦੀ ਲੜੀ 'ਚ ਪਹਿਲੀ ਗਿਰਾਵਟ ਹੈ।