ਭਾਰਤ ਦੀ GDP ਮਾਰਚ ਤਿਮਾਹੀ ''ਚ 1.2 ਫੀਸਦੀ ਰਹਿਣ ਦਾ ਅੰਦਾਜ਼ਾ : SBI
Tuesday, May 26, 2020 - 03:50 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਕਡਾਊਨ ਕਾਰਨ ਭਾਰਤ ਦੀ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ ਹਫਤੇ 'ਚ ਰਾਸ਼ਟਰ ਪੱਧਰੀ ਲਾਕਡਾਊਨ ਨਾਲ ਦੇਸ਼ ਭਰ 'ਚ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਪਿਛਲੇ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. ਗ੍ਰੋਥ 1.2 ਫੀਸਦੀ 'ਤੇ ਖਿਸਕ ਜਾਣ ਦੀ ਸੰਭਾਵਨਾ ਹੈ। ਐੱਸ. ਬੀ. ਆਈ. ਰਿਸਰਚ ਨੇ ਇਕ ਰਿਪੋਰਟ 'ਚ ਇਹ ਅਨੁਮਾਨ ਪ੍ਰਗਟ ਕੀਤਾ ਹੈ। ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਦੇ ਜੀ. ਡੀ. ਪੀ. ਵਿਕਾਸ ਨੰਬਰ ਦਾ ਐਲਾਨ ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਵੱਲੋਂ 29 ਮਈ ਨੂੰ ਕੀਤਾ ਜਾਣਾ ਹੈ।
ਐੱਸ. ਬੀ. ਆਈ. ਦੀ ਰਿਸਰਚ ਰਿਪੋਰਟ- 'ਈਕੋਰੈਪ' ਮੁਤਾਬਕ ਵਿੱਤੀ ਸਾਲ 2019-20 ਦੀ ਸਾਲਾਨਾ ਜੀ. ਡੀ. ਪੀ. ਗ੍ਰੋਥ 4.2 ਫੀਸਦੀ, ਜਦੋਂ ਕਿ ਸਾਲ 2020-21 ਦੀ ਨਾਕਾਰਤਮਕ 6.8 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਰਿਪੋਰਟ ਦਾ ਕਹਿਣਾ ਹੈ ਕਿ ਰਾਸ਼ਟਰ ਪੱਧਰੀ ਲਾਕਡਾਊਨ ਕਾਰਨ ਮਾਰਚ ਮਹੀਨੇ ਦੇ ਆਖਰੀ ਸੱਤ ਦਿਨਾਂ 'ਚ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਉਨ੍ਹਾਂ ਸੱਤ ਦਿਨਾਂ ਦੀ ਤਾਲਾਬੰਦੀ ਦੌਰਾਨ ਘੱਟੋ-ਘੱਟ 1.4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਵਿੱਤੀ ਸਾਲ 2019-20 ਦੀ ਮਾਰਚ ਤਿਮਾਹੀ 'ਚ ਜੀ. ਡੀ. ਪੀ. ਗ੍ਰੋਥ ਤਕਰੀਬਨ 1.2 ਫੀਸਦੀ ਰਹਿਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2019-20 ਦੀ ਤੀਜੀ ਤਿਮਾਹੀ 'ਚ ਜੀ. ਡੀ. ਪੀ. ਵਿਕਾਸ ਦਰ ਤਕਰੀਬਨ ਸੱਤ ਸਾਲਾਂ ਦੇ ਹੇਠਲੇ ਪੱਧਰ 4.7 ਫੀਸਦੀ 'ਤੇ ਖਿਸਕ ਗਈ ਸੀ। ਪਹਿਲੀ ਤਿਮਾਹੀ ਤੇ ਦੂਜੀ ਤਿਮਾਹੀ 'ਚ ਜੀ. ਡੀ. ਪੀ. ਗ੍ਰੋਥ ਕ੍ਰਮਵਾਰ 5.1 ਫੀਸਦੀ ਅਤੇ 5.6 ਫੀਸਦੀ ਰਹੀ ਸੀ।