ਭਾਰਤ ਦਾ ਡਾਇਮੰਡ ਸੈਕਟਰ ਸੰਕਟ ’ਚ, ਕਾਰਖਾਨੇ ਹੋ ਰਹੇ ਬੰਦ, ਦਰਾਮਦ ਅਤੇ ਬਰਾਮਦ ’ਚ ਭਾਰੀ ਗਿਰਾਵਟ

Thursday, Sep 19, 2024 - 10:25 AM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ਦਾ ਡਾਇਮੰਡ ਸੈਕਟਰ (ਹੀਰਾ ਖੇਤਰ) ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ 3 ਸਾਲਾਂ ’ਚ ਦਰਾਮਦ ਅਤੇ ਬਰਾਮਦ ਦੋਵਾਂ ’ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਕਾਰਖਾਨੇ ਬੰਦ ਹੋ ਰਹੇ ਹਨ ਅਤੇ ਵੱਡੇ ਪੱਧਰ ’ਤੇ ਨੌਕਰੀਆਂ ਜਾ ਰਹੀਆਂ ਹਨ, ਇਹ ਗੱਲ ਬੁੱਧਵਾਰ ਨੂੰ ਥਿੰਕ ਟੈਂਕ ਜੀ. ਟੀ. ਆਰ. ਆਈ. ਨੇ ਕਹੀ।

ਇਸ ਨੇ ਕਿਹਾ ਕਿ ਬਰਾਮਦ ਰਿਟਰਨ ’ਚ ਵਾਧਾ ਹੋਇਆ ਹੈ ਪਰ ਘੱਟ ਆਰਡਰ ਅਤੇ ਲੈਬ ਗ੍ਰੋਨ ਡਾਇਮੰਡ (ਪ੍ਰਯੋਗਸ਼ਾਲਾ ’ਚ ਉਗਾਏ ਗਏ ਹੀਰੇ) ਨਾਲ ਵਧਦੇ ਮੁਕਾਬਲੇ ਕਾਰਨ ਅਨਪ੍ਰੋਸੈਸਡ ਕੱਚੇ ਹੀਰਿਆਂ ਦਾ ਇਕ ਵੱਡਾ ਭੰਡਾਰ ਜਮ੍ਹਾ ਹੋ ਰਿਹਾ ਹੈ।

ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਸੰਸਥਾਪਕ ਅਜੈ ਸ਼੍ਰੀਵਾਸਤਵ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਗੁਜਰਾਤ ਦੇ ਹੀਰਾ ਖੇਤਰ ’ਚ 60 ਤੋਂ ਵੱਧ ਲੋਕਾਂ ਨੇ ਆਤਮਹੱਤਿਆ ਕਰ ਲਈ ਹੈ, ਜੋ ਭਾਰਤ ਦੇ ਹੀਰਾ ਖੇਤਰ ਦੇ ਗੰਭੀਰ ਵਿੱਤੀ ਅਤੇ ਭਾਵਨਾਤਮਕ ਤਣਾਅ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਖੇਤਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਫੌਰੀ ਕਾਰਵਾਈ ਕਰ ਕੇ ਤੁਰੰਤ ਲੋੜੀਂਦੀ ਕਾਰਵਾਈ ਜ਼ਰੂਰੀ ਹੈ।

ਕੱਚੇ ਹੀਰਿਆਂ ਦੀ ਦਰਾਮਦ ’ਚ ਗਿਰਾਵਟ

ਥਿੰਕ ਟੈਂਕ ਦੇ ਅੰਕੜਿਆਂ ਅਨੁਸਾਰ 2021-22 ’ਚ 18.5 ਬਿਲੀਅਨ ਅਮਰੀਕੀ ਡਾਲਰ ਨਾਲ 2023-24 ’ਚ 14 ਬਿਲੀਅਨ ਅਮਰੀਕੀ ਡਾਲਕ ਤੱਕ ਕੱਚੇ ਹੀਰਿਆਂ ਦੀ ਦਰਾਮਦ ’ਚ 24.5 ਫੀਸਦੀ ਦੀ ਗਿਰਾਵਟ ਆਈ ਹੈ, ਜੋ ਕਮਜ਼ੋਰ ਗਲੋਬਲ ਬਾਜ਼ਾਰਾਂ ਅਤੇ ਘੱਟ ਪ੍ਰੋਸੈਸਿੰਗ ਆਰਡਰਾਂ ਨੂੰ ਦਰਸਾਉਂਦਾ ਹੈ। ਮੁੜ ਬਰਾਮਦ ਕੀਤੇ ਗਏ ਕੱਚੇ ਹੀਰਿਆਂ ਦੇ ਤਾਲਮੇਲ ਤੋਂ ਬਾਅਦ ਸ਼ੁੱਧ ਦਰਾਮਦ 25.3 ਫੀਸਦੀ ਘਟ ਕੇ 17.5 ਬਿਲੀਅਨ ਅਮਰੀਕੀ ਡਾਲਰ ਤੋਂ 13.1 ਬਿਲੀਅਨ ਅਮਰੀਕੀ ਡਾਲਰ ਰਹਿ ਗਈ, ਜੋ ਭਾਰਤ ’ਚ ਪ੍ਰੋਸੈਸਿੰਗ ਦੀ ਘੱਟ ਮੰਗ ਨੂੰ ਦਰਸਾਉਂਦਾ ਹੈ।

ਹੀਰਿਆਂ ਦੀ ਬਰਾਮਦ

ਕੱਟੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੀ ਬਰਾਮਦ 34.6 ਫੀਸਦੀ ਦੀ ਉੱਚ ਹੱਦ ਤੋਂ ਡਿੱਗ ਕੇ ਮਾਲੀ ਸਾਲ 2022 ’ਚ 24.4 ਬਿਲੀਅਨ ਅਮਰੀਕੀ ਡਾਲਰ ਤੋਂ ਮਾਲੀ ਸਾਲ 2024 ’ਚ 13.1 ਬਿਲੀਅਨ ਅਮਰੀਕੀ ਡਾਲਰ ਰਹਿ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਇਸ ਮਿਆਦ ਦੌਰਾਨ ਭਾਰਤ ’ਚ ਵਾਪਸ ਆਏ ਬਿਨਾ ਵਿਕੇ ਹੀਰਿਆਂ ਦੀ ਹਿੱਸੇਦਾਰੀ 35 ਤੋਂ ਵਧ ਕੇ 45.6 ਫੀਸਦੀ ਹੋ ਗਈ। ਕੱਟੇ ਅਤੇ ਪਾਲਿਸ਼ ਕੀਤੇ ਗਏ ਹੀਰਿਆਂ ਦੀ ਸ਼ੁੱਧ ਬਰਾਮਦ 45.3 ਫੀਸਦੀ ਘੱਟ ਕੇ 15.9 ਬਿਲੀਅਨ ਅਮਰੀਕੀ ਡਾਲਰ ਤੋਂ 8.7 ਬਿਲੀਅਨ ਅਮਰੀਕੀ ਡਾਲਰ ਰਹਿ ਗਈ, ਜੋ ਕਮਜ਼ੋਰ ਬਾਜ਼ਾਰ ਅਤੇ ਵਧਦੇ ਬਿਨਾ ਵਿਕੇ ਸਟਾਕ ਨੂੰ ਦਰਸਾਉਂਦਾ ਹੈ।


Harinder Kaur

Content Editor

Related News