2024 ਤੱਕ ਗਲੋਬਲ GDP ’ਚ ਅਮਰੀਕਾ ਨਾਲੋਂ ਜ਼ਿਆਦਾ ਹੋਵੇਗਾ ਭਾਰਤ ਦਾ ਯੋਗਦਾਨ
Tuesday, Oct 22, 2019 - 10:50 AM (IST)

ਨਵੀਂ ਦਿੱਲੀ — ਗਲੋਬਲ ਅਰਥਵਿਵਸਥਾ ’ਚ ਸੁਸਤੀ ਛਾਈ ਹੋਈ ਹੈ। ਬੀਤੇ ਦਿਨੀਂ IMF ਨੇ ਆਪਣੀ ਇਕ ਰਿਪੋਰਟ ’ਚ ਕਿਹਾ ਸੀ ਕਿ ਲਗਭਗ 90 ਫ਼ੀਸਦੀ ਦੇਸ਼ਾਂ ਦੀ ਵਿਕਾਸ ਦਰ ਇਸ ਸਾਲ ਘੱਟ ਰਹੇਗੀ ਅਤੇ ਭਾਰਤ ਵਰਗੀ ਉਭਰਦੀ ਅਰਥਵਿਵਸਥਾ ’ਤੇ ਇਸਦਾ ਅਸਰ ਹੁਣ ਸਾਫ਼-ਸਾਫ਼ ਵਿੱਖਣ ਲੱਗਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 5 ਸਾਲਾਂ ’ਚ (2024 ਤੱਕ) ਜੀ. ਡੀ. ਪੀ. ਦਾ ਆਕਾਰ ਲਗਭਗ ਦੁੱਗਣਾ ਕਰ ਕੇ 5 ਟ੍ਰਿਲੀਅਨ ਡਾਲਰ ਕਰਨ ਦਾ ਟੀਚਾ ਰੱਖਿਆ ਹੈ।
ਭਾਰਤ ਦੀ ਵਾਧਾ ਦਰ ਭਾਵੇਂ ਇਸ ਵਿੱਤੀ ਸਾਲ ’ਚ ਘਟ ਗਈ ਹੈ ਪਰ ਅਗਲੇ ਵਿੱਤੀ ਸਾਲ ਤੋਂ ਇਸ ’ਚ ਤੇਜ਼ੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਨ੍ਹਾਂ ਸਮੁੱਚੇ ਹਾਲਾਤ ਦਰਮਿਆਨ ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ 6 ਸਾਲਾਂ ਬਾਅਦ ਗਲੋਬਲ GDP ’ਚ ਯੋਗਦਾਨ ਦੇ ਮਾਮਲੇ ’ਚ ਭਾਰਤ ਅਮਰੀਕਾ ਨਾਲੋਂ ਅੱਗੇ ਨਿਕਲ ਜਾਵੇਗਾ।
ਚੀਨ ਦਾ ਯੋਗਦਾਨ ਵੀ ਘਟੇਗਾ
ਇਸ ਰਿਪੋਰਟ ਮੁਤਾਬਕ 2024 ’ਚ ਕੌਮਾਂਤਰੀ ਅਰਥਵਿਵਸਥਾ ’ਚ ਚੀਨ ਦਾ ਯੋਗਦਾਨ 2018 ਦੇ 32.70 ਫ਼ੀਸਦੀ ਦੇ ਮੁਕਾਬਲੇ ਡਿੱਗ ਕੇ 28.30 ਫ਼ੀਸਦੀ ’ਤੇ ਪਹੁੰਚ ਜਾਵੇਗਾ ਜਦੋਂ ਕਿ ਗਲੋਬਲ ਜੀ. ਡੀ. ਪੀ. ਵਾਧਾ ਦਰ ਘਟ ਕੇ 3 ਫ਼ੀਸਦੀ ’ਤੇ ਪੁੱਜਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ। 5 ਸਾਲ ਬਾਅਦ ਭਾਰਤ ਦਾ ਯੋਗਦਾਨ ਲਗਭਗ 15.5 ਫ਼ੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ ਜਦੋਂ ਕਿ ਅਮਰੀਕਾ ਦਾ ਯੋਗਦਾਨ 13.8 ਫ਼ੀਸਦੀ (2018-19) ਤੋਂ ਘਟ ਕੇ 9.2 ਫ਼ੀਸਦੀ ’ਤੇ ਪਹੁੰਚ ਜਾਵੇਗਾ।
ਟ੍ਰੇਡ ਵਾਰ ਦਾ ਬੁਰਾ ਅਸਰ
ਇਸ ਰਿਪੋਰਟ ਮੁਤਾਬਕ ਟ੍ਰੇਡ ਵਾਰ ਦਾ ਜੀ. ਡੀ. ਪੀ. ’ਤੇ ਬੁਰਾ ਅਸਰ ਪਿਆ ਹੈ। ਇੰਟਰਨੈਸ਼ਨਲ ਟ੍ਰੇਡ ’ਚ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸ ਦਾ ਅਸਰ ਅਗਲੇ 5 ਸਾਲਾਂ ਤੱਕ ਵਿਖਾਈ ਦੇਵੇਗਾ। ਗੱਲ ਜੇਕਰ ਭਾਰਤੀ ਅਰਥਵਿਵਸਥਾ ਦੀ ਕਰੀਏ ਤਾਂ ਵਰਲਡ ਬੈਂਕ ਦੀ ਰਿਪੋਰਟ ’ਚ ਸਾਫ਼ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ ਤੋਂ ਵਾਧਾ ਦਰ ’ਚ ਤੇਜ਼ੀ ਆਵੇਗੀ। 2021 ’ਚ ਵਾਧਾ ਦਰ 6.9 ਫ਼ੀਸਦੀ ਅਤੇ ਸੰਭਵ ਹੈ ਕਿ 2022 ’ਚ ਇਹ 7.2 ਫ਼ੀਸਦੀ ਤੱਕ ਪਹੁੰਚ ਜਾਵੇ।