ਅਗਲੇ 5 ਸਾਲਾਂ ’ਚ ਭਾਰਤ ਦਾ ਵਾਹਨ ਉਦਯੋਗ ਦੁਨੀਆ ’ਚ ਪਹਿਲੇ ਸਥਾਨ ’ਤੇ ਹੋਵੇਗਾ : ਗਡਕਰੀ
Saturday, Jan 18, 2025 - 10:30 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਾਹਨ ਉਦਯੋਗ ’ਚ ਹੁਣ ਤੱਕ ਸਭ ਤੋਂ ਜ਼ਿਆਦਾ 4.5 ਕਰੋੜ ਰੋਜ਼ਗਾਰ ਪੈਦਾ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦਾ ਵਾਹਨ ਉਦਯੋਗ ਅਗਲੇ 5 ਸਾਲਾਂ ’ਚ ਦੁਨੀਆ ’ਚ ਪਹਿਲੇ ਸਥਾਨ ’ਤੇ ਹੋਵੇਗਾ।
ਗਡਕਰੀ ਨੇ ਇਥੇ ਵਾਹਨ ਡੀਲਰਾਂ ਦੇ ਸੰਗਠਨ ਫਾਡਾ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਵਾਹਨਾਂ ਦੀ ਮੰਗ ਗਲੋਬਲ ਪੱਧਰ ’ਤੇ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ, “ਭਾਰਤੀ ਵਾਹਨ ਉਦਯੋਗ ਦਾ ਆਕਾਰ ਹੁਣ 22 ਲੱਖ ਕਰੋੜ ਰੁਪਏ ਦਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ 5 ਸਾਲਾਂ ਦੇ ਅੰਦਰ ਭਾਰਤੀ ਵਾਹਨ ਉਦਯੋਗ ਦੁਨੀਆ ’ਚ ਨੰਬਰ ਇਕ ਬਣ ਜਾਵੇਗਾ।”
ਮੌਜੂਦਾ ਸਮੇਂ ’ਚ ਅਮਰੀਕੀ ਵਾਹਨ ਉਦਯੋਗ ਦਾ ਆਕਾਰ 78 ਲੱਖ ਕਰੋਡ਼ ਰੁਪਏ ਹੈ, ਇਸ ਤੋਂ ਬਾਅਦ ਚੀਨ (47 ਲੱਖ ਕਰੋਡ਼ ਰੁਪਏ) ਅਤੇ ਭਾਰਤ (22 ਲੱਖ ਕਰੋਡ਼ ਰੁਪਏ) ਦਾ ਸਥਾਨ ਆਉਂਦਾ ਹੈ। ਗਡਕਰੀ ਨੇ ਕਿਹਾ ਕਿ ਜਦੋਂ ਉਨ੍ਹਾਂ 2014 ’ਚ ਟ੍ਰਾਂਸਪੋਰਟ ਮੰਤਰਾਲਾ ਦੀ ਜ਼ਿੰਮੇਵਾਰੀ ਸੰਭਾਲੀ ਸੀ, ਉਦੋਂ ਵਾਹਨ ਉਦਯੋਗ ਦਾ ਆਕਾਰ 7.5 ਲੱਖ ਕਰੋਡ਼ ਰੁਪਏ ਸੀ, ਜੋ ਹੁਣ ਵਧ ਕੇ 22 ਲੱਖ ਕਰੋੜ ਰੁਪਏ ਹੋ ਚੁੱਕਿਆ ਹੈ।
ਉਨ੍ਹਾਂ ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਪ੍ਰੋਗਰਾਮ ’ਚ ਕਿਹਾ ਕਿ ਵਾਹਨ ਉਦਯੋਗ ਨੇ ਹੁਣ ਤੱਕ 4.5 ਕਰੋਡ਼ ਨੌਕਰੀਆਂ ਪੈਦਾ ਕੀਤੀਆਂ ਹਨ, ਜੋ ਦੇਸ਼ ’ਚ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਕਿਹਾ, “ਵਾਹਨ ਉਦਯੋਗ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਨੂੰ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਕਰ) ਦੇ ਹਿੱਸੇ ਦੇ ਤੌਰ ’ਤੇ ਵੱਧ ਤੋਂ ਵੱਧ ਮਾਲੀਆ ਵੀ ਦੇ ਰਿਹਾ ਹੈ।” ਉਨ੍ਹਾਂ ਦੱਸਿਆ ਕਿ ਭਾਰਤ ’ਚ ਬਣਨ ਵਾਲੇ ਸਾਰੇ ਦੋਪਹੀਆ ਵਾਹਨਾਂ ’ਚੋਂ 50 ਫ਼ੀਸਦੀ ਦੀ ਬਰਾਮਦ ਕੀਤੀ ਜਾਂਦੀ ਹੈ।