ਕਿਸਾਨਾਂ ''ਤੇ ਹੋਰ ਵਧੇਗਾ ਬੋਝ, ਇਨ੍ਹਾਂ ਦੇ ਵਧ ਸਕਦੈ ਮੁੱਲ

07/20/2017 9:11:41 AM

ਨਵੀਂ ਦਿੱਲੀ— ਮਾਨਸੂਨ ਚੰਗੇ ਰਹਿਣ ਦੇ ਅੰਦਾਜ਼ੇ ਵਿਚਕਾਰ ਖਾਦਾਂ ਦੀ ਮੰਗ 'ਚ ਵਾਧਾ ਹੋ ਰਿਹਾ ਹੈ। ਉੱਥੇ ਹੀ, ਭਵਿੱਖ 'ਚ ਪੋਟਾਸ਼ ਦੀ ਖਰੀਦ ਲਈ ਕਿਸਾਨਾਂ ਨੂੰ ਜ਼ਿਆਦਾ ਮੁੱਲ ਅਦਾ ਕਰਨ ਲਈ ਤਿਆਰ ਰਹਿਣਾ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਚੀਨ ਨੇ ਪੋਟਾਸ਼ ਦੇ ਉੱਚੇ ਬੈਂਚਮਾਰਕ ਮੁੱਲ ਨਿਰਧਾਰਤ ਕੀਤੇ ਹਨ। ਸਰਕਾਰੀ ਸੂਤਰਾਂ ਮੁਤਾਬਕ, ਚੀਨੀ ਬੈਂਚਮਾਰਕ 'ਤੇ ਨਿਰਭਰ ਹੋਣ ਕਾਰਨ ਇਸ ਨਵੀਂ ਕੀਮਤ ਦੇ ਉੱਚੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਜੇਕਰ ਕੀਮਤ ਉੱਚੀ ਹੋਈ ਤਾਂ ਇਸ ਦੀ ਮੰਗ 'ਤੇ ਵੀ ਅਸਰ ਪਵੇਗਾ।
ੁਪੋਟਾਸ਼ ਖਾਦ ਨਾਲ ਫਸਲਾਂ ਦੀ ਗੁਣਵੱਤਾ ਅਤੇ ਉਪਜ ਵਧਾਉਣ 'ਚ ਮਦਦ ਮਿਲਦੀ ਹੈ। ਭਾਰਤ 'ਚ ਜਨਤਕ ਖੇਤਰ ਦੀ ਕੰਪਨੀ ਇੰਡੀਅਨ ਪੋਟਾਸ਼ ਹਰ ਸਾਲ 20 ਲੱਖ ਟਨ ਪੋਟਾਸ਼ ਦਰਾਮਦ (ਇੰਪੋਰਟ) ਕਰਦੀ ਹੈ। ਜੇਕਰ ਅਜਿਹੇ 'ਚ ਦਰਾਮਦ ਕੀਮਤ ਜ਼ਿਆਦਾ ਹੋਵੇਗੀ ਅਤੇ ਸਬਸਿਡੀ 'ਚ ਹੋਰ ਵਾਧਾ ਸੰਭਵ ਨਹੀਂ ਹੋਵੇਗਾ ਤਾਂ ਇਨ੍ਹਾਂ ਕੀਮਤਾਂ ਦਾ ਬੋਝ ਗਾਹਕਾਂ 'ਤੇ ਪਾ ਦਿੱਤਾ ਜਾਵੇਗਾ। ਸਰਕਾਰੀ ਸੂਤਰਾਂ ਦਾ ਅੰਦਾਜ਼ਾ ਹੈ ਕਿ ਭਾਰਤੀ ਕੰਪਨੀਆਂ ਕੀਮਤਾਂ 'ਚ 4 ਤੋਂ 5 ਫੀਸਦੀ ਤਕ ਦਾ ਵਾਧਾ ਕਰ ਸਕਦੀਆਂ ਹਨ। ਕੀਮਤਾਂ 'ਚ ਵਾਧਾ ਹੋਣ 'ਤੇ ਪੋਟਾਸ਼ ਦੀ ਮੰਗ 'ਤੇ ਅਸਰ ਪਵੇਗਾ। 
ਕਿਉਂ ਵਧਣਗੇ ਮੁੱਲ?
ਸੰਸਾਰ ਦੇ ਦੋ ਸਭ ਤੋਂ ਵੱਡੇ ਪੋਟਾਸ਼ ਉਤਪਾਦਕ, ਪੋਟਾਸ਼ ਕਾਰਪ ਆਫ ਸੈਸਕੇਚਵੇਨ ਅਤੇ ਰੂਸ ਦੀ ਉਰਾਲਕਲੀ ਨੇ ਹਾਲ ਹੀ 'ਚ ਪੋਟਾਸ਼ ਦੀ ਸਪਲਾਈ ਕੰਟਰੋਲ ਕਰਨ ਅਤੇ ਕੀਮਤਾਂ 'ਚ ਗਿਰਾਵਟ ਰੋਕਣ ਲਈ ਉਤਪਾਦਨ 'ਚ ਕਟੌਤੀ ਕੀਤੀ ਹੈ। ਉਰਾਲਕਲੀ ਨੇ ਚੀਨ ਦੇ ਖਰੀਦਦਾਰ ਸਮੂਹ ਨਾਲ 230 ਡਾਲਰ ਪ੍ਰਤੀ ਟਨ 'ਤੇ ਪੋਟਾਸ਼ ਦਾ ਠੇਕਾ ਕੀਤਾ ਹੈ। ਇਸ ਤਹਿਤ 2017 ਤਕ ਸਪਲਾਈ ਕੀਤੀ ਜਾਣੀ ਹੈ। ਉਰਾਲਕਲੀ ਨੇ ਐਲਾਨ ਕੀਤਾ ਹੈ ਕਿ ਅਗਸਤ-ਸਤੰਬਰ 2017 ਦੌਰਾਨ ਉੱਚੇ ਪੱਧਰ 'ਤੇ ਚੀਨ ਨੂੰ ਪੋਟਾਸ਼ ਦੀ ਡਿਲੀਵਰੀ ਲਈ ਉਸ ਦੀ ਵਪਾਰਕ ਸਹਿਯੋਗੀ ਕੰਪਨੀ ਨੇ ਚੀਨੀ ਸਮੂਹ ਨਾਲ ਸਮਝੌਤਾ ਕੀਤਾ ਹੈ। ਚੀਨ ਨੂੰ ਸਪਲਾਈ ਲਈ ਕੀਤੇ ਗਏ ਸੌਦੇ ਦੇ ਮੁੱਲ 2016 ਦੀ ਕੀਮਤ 219 ਡਾਲਰ ਪ੍ਰਤੀ ਟਨ ਤੋਂ 11 ਡਾਲਰ ਪ੍ਰਤੀ ਟਨ ਜ਼ਿਆਦਾ ਹਨ ਅਤੇ ਇਸ 'ਚ 20 ਡਾਲਰ ਪ੍ਰਤੀ ਟਨ ਦੀ ਛੋਟ ਸ਼ਾਮਲ ਹੈ। ਵਿਸ਼ਲੇਸ਼ਕਾਂ ਮੁਤਾਬਕ, ਚੀਨ 1.2 ਕਰੋੜ ਟਨ ਪੋਟਾਸ਼ ਦਰਾਮਦ ਕਰਦਾ ਹੈ ਅਤੇ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਭਾਰਤ ਸਿਰਫ 40 ਲੱਖ ਟਨ। ਇਹੀ ਕਾਰਨ ਹੈ ਕਿ ਸੌਦੇਬਾਜ਼ੀ ਕਰਨ 'ਚ ਭਾਰਤ ਦੀ ਸਥਿਤੀ ਚੀਨ ਵਰਗੀ ਮਜ਼ਬੂਤ ਨਹੀਂ ਹੈ।


Related News