ਆਟੋ ਕੰਪਨੀਆਂ ਦੀ ਵਿਕਰੀ ’ਚ ਉਛਾਲ, ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੀ ਸੇਲ ’ਚ ਵਾਧਾ

Tuesday, Aug 02, 2022 - 11:50 AM (IST)

ਆਟੋ ਕੰਪਨੀਆਂ ਦੀ ਵਿਕਰੀ ’ਚ ਉਛਾਲ, ਮਾਰੂਤੀ ਸੁਜ਼ੂਕੀ ਅਤੇ ਟਾਟਾ ਮੋਟਰਜ਼ ਦੀ ਸੇਲ ’ਚ ਵਾਧਾ

ਨਵੀਂ ਦਿੱਲੀ (ਭਾਸ਼ਾ) – ਜੁਲਾਈ ਦੇ ਮਹੀਨੇ ’ਚ ਦੇਸ਼ ਦੀਆਂ ਵੱਡੀਆਂ ਆਟੋ ਕੰਪਨੀਆਂ ਦੀ ਵਿਕਰੀ ’ਚ ਉਛਾਲ ਦੇਖਣ ਨੂੰ ਮਿਲਿਆ ਹੈ। ਵੱਡੀਆਂ ਆਟੋ ਕੰਪਨੀਆਂ ਜਿਵੇਂ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਹੁੰਡਈ ਅਤੇ ਟੋਯੋਟਾ ਦੀ ਸੇਲ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਕੁੱਲ ਵਿਕਰੀ ’ਚ ਜੁਲਾਈ, 2022 ’ਚ 8.28 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ ਮਹਿੰਦਾਰ ਐਂਡ ਮਹਿੰਦਰਾ ਦੇ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ’ਚ 33 ਫੀਸਦੀ ਵਧੀ ਹੈ।

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਕੁੱਲ ਵਿਕਰੀ ਜੁਲਾਈ 2022 ’ਚ 8.28 ਫੀਸਦੀ ਵਧ ਕੇ 1,75,916 ਯੂਨਿਟ ਹੋ ਗਈ। ਮਾਰੂਤੀ ਦੀ ਘਰੇਲੂ ਬਾਜ਼ਾਰ ’ਚ ਵਿਕਰੀ ਪਿਛਲੇ ਮਹੀਨੇ 6.82 ਫੀਸਦੀ ਵਧ ਕੇ 1,42,850 ਯੂਨਿਟ ’ਤੇ ਪਹੁੰਚ ਗਈ।

ਟਾਟਾ ਮੋਟਰਜ਼ ਦੀ ਵਿਕਰੀ ਸਾਲਾਨਾ ਆਧਾਰ ’ਤੇ 51.12 ਫੀਸਦੀ ਵਧੀ

ਵਾਹਨ ਕੰਪਨੀ ਟਾਟਾ ਮੋਟਰਜ਼ ਦੀ ਕੁੱਲ ਵਿਕਰੀ ਜੁਲਾਈ 2022 ’ਚ ਸਾਲਾਨਾ ਆਧਾਰ ’ਤੇ 51.12 ਫੀਸਦੀ ਵਧ ਕੇ 81,790 ਯੂਨਿਟ ਹੋ ਗਈ। ਕੰਪਨੀ ਨੇ ਕਿਹਾ ਕਿ ਯਾਤਰੀ ਵਾਹਨਾਂ ਦੀ ਮਜ਼ਬੂਤ ਮੰਗ ਨਾਲ ਵਿਕਰੀ ਵਧੀ ਹੈ। ਟਾਟਾ ਮੋਟਰਜ਼ ਨੇ ਜੁਲਾਈ 2021 ’ਚ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਕੁੱਲ 54,119 ਗੱਡੀਆਂ ਵੇਚੀਆਂ ਸਨ। ਬਿਆਨ ’ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਉਸ ਦੀ ਕੁੱਲ ਘਰੇਲੂ ਵਿਕਰੀ 52 ਫੀਸਦੀ ਵਧ ਕੇ 78,978 ਯੂਨਿਟ ਹੋ ਗਈ।

ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 33 ਫੀਸਦੀ ਵਧੀ

ਮਹਿੰਦਰਾ ਐਂਡ ਮਹਿੰਦਰਾ ਦੇ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ ’ਚ 33 ਫੀਸਦੀ ਵਧੀ ਹੈ। ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਕਿਹਾ ਕਿ ਜੁਲਾਈ ’ਚ ਉਸ ਦੀ ਘਰੇਲੂ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 33 ਫੀਸਦੀ ਵਧ ਕੇ 28,053 ਇਕਾਈ ਹੋ ਗਈ। ਕੰਪਨੀ ਨੇ ਕਿਹਾ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ’ਚ 21,046 ਗੱਡੀਆਂ ਵੇਚੀਆਂ ਸਨ। ਇਸ ਮਿਆਦ ’ਚ ਘਰੇਲੂ ਵਰਤੋਂ ਵਾਲੇ ਵਾਹਨਾਂ ਦੀ ਵਿਕਰੀ 34 ਫੀਸਦੀ ਵਧ ਕੇ 27,854 ਇਕਾਈ ਰਹੀ। ਐੱਮ. ਐਂਡ ਐੱਮ. ਨੇ ਕਿਹਾ ਕਿ ਜੁਲਾਈ ਦੌਰਾਨ ਕਾਰਾਂ ਅਤੇ ਵੈਨ ਦੀ ਵਿਕਰੀ 20 ਫੀਸਦੀ ਘਟ ਕੇ 199 ਇਕਾਈ ਰਹਿ ਗਈ।

ਹੁੰਡਈ ਮੋਟਰ ਨੇ ਵੇਚੀਆਂ 63851 ਇਕਾਈਆਂ

ਹੁੰਡਈ ਮੋਟਰ ਇੰਡੀਆ ਲਿਮਟਿਡ ਦੀ ਕੁੱਲ ਵਿਕਰੀ ਜੁਲਾਈ 2022 ’ਚ 6 ਫੀਸਦੀ ਵਧ ਕੇ 63,851 ਇਕਾਈ ਹੋ ਗਈ। ਕੰਪਨੀ ਦੀ ਇਸ ਸਾਲ ਜੁਲਾਈ ਮਹੀਨੇ ’ਚ ਘਰੇਲੂ ਵਾਹਨਾਂ ਦੀ ਵਿਕਰੀ 5.1 ਫੀਸਦੀ ਵਧ ਕੇ 50,500 ਯੂਨਿਟ ’ਤੇ ਪਹੁੰਚ ਗਈ। ਇਸ ਦੀ ਬਰਾਮਦ ਪਿਛਲੇ ਮਹੀਨੇ 9.4 ਫੀਸਦੀ ਵਧ ਕੇ 13,351 ਯੂਨਿਟ ਹੋ ਗਈ।

ਟੋਯੋਟਾ ਕਿਰਲੋਸਕਰ ਦੀ ਥੋਕ ਵਿਕਰੀ 19,693 ਯੂਨਿਟ ਰਹੀ

ਟੋਯੋਟਾ ਕਿਰਲੋਸਕਰ ਮੋਟਰ ਨੇ ਕਿਹਾ ਕਿ ਜੁਲਾਈ ’ਚ ਉਸ ਦੀ ਥੋਕ ਵਿਕਰੀ 19,693 ਯੂਨਿਟ ਰਹੀ। ਇਸ ਦੌਰਾਨ ਕੰਪਨੀ ਦੀ ਥੋਕ ਵਿਕਰੀ ਜੁਲਾਈ 2021 ’ਚ ਵੇਚੀਆਂ ਗਈਆਂ 13,105 ਗੱਡੀਆਂ ਦੀ ਤੁਲਨਾ ’ਚ 50 ਫੀਸਦੀ ਵੱਧ ਸੀ। ਐੱਮ. ਜੀ. ਮੋਟਰ ਇੰਡੀਆ ਨੇ ਕਿਹਾ ਕਿ ਉਸ ਦੀ ਪ੍ਰਚੂਨ ਵਿਕਰੀ ਜੁਲਾਈ ’ਚ 5 ਫੀਸਦੀ ਦੀ ਗਿਰਾਵਟ ਨਾਲ 4,013 ਯੂਨਿਟ ਰਹਿ ਗਈ। ਕੰਪਨੀ ਨੇ ਦੱਸਿਆ ਕਿ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 4,225 ਯੂਨਿਟ ਦੀ ਪ੍ਰਚੂਨ ਵਿਕਰੀ ਦਰਜ ਕੀਤੀ ਸੀ।

ਬਜਾਜ ਆਟੋ ਦੀ ਵਿਕਰੀ ਘਟੀ

ਬਜਾਜ ਆਟੋ ਦੇ ਦੋਪਹੀਆ ਵਾਹਨਾਂ ਦੀ ਵਿਕਰੀ ਜੁਲਾਈ ’ਚ 5 ਫੀਸਦੀ ਘਟ ਗਈ ਹੈ। ਬਜਾਜ ਆਟੋ ਨੇ ਦੱਸਿਆ ਕਿ ਜੁਲਾਈ 2022 ’ਚ ਉਸ ਦੇ ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ 5 ਫੀਸਦੀ ਘਟ ਕੇ 3,15,054 ਯੂਨਿਟ ਰਹਿ ਗਈ। ਪੁਣੇ ਸਥਿਤ ਵਾਹਨ ਨਿਰਮਾਤਾ ਨੇ ਪਿਛਲੇ ਸਾਲ ਜੁਲਾਈ ’ਚ ਕੁੱਲ 3,30,569 ਦੋਪਹੀਆ ਵਾਹਨ ਵੇਚੇ ਸਨ। ਹਾਲਾਂਕਿ ਇਸ ਦੌਰਾਨ ਘਰੇਲੂ ਬਾਜ਼ਾਰ ’ਚ ਦੋਪਹੀਆ ਵਾਹਨਾਂ ਦੀ ਵਿਕਰੀ 5 ਫੀਸਦੀ ਵਧ ਕੇ 1,64,384 ਯੂਨਿਟ ਹੋ ਗਈ। ਕੰਪਨੀ ਨੇ ਦੱਸਿਆ ਕਿ ਐਕਸਪੋਰਟ 14 ਫੀਸਦੀ ਘਟ ਕੇ 1,50,670 ਯੂਨਿਟ ਰਹਿ ਗਈ।

ਅਸ਼ੋਕ ਲੇਲੈਂਡ ਦੀ ਵਿਕਰੀ 58 ਫੀਸਦੀ ਵਧੀ

ਕਮਰਸ਼ੀਅਲ ਵਾਹਨ ਕੰਪਨੀ ਅਸ਼ੋਕ ਲੇਲੈਂਡ ਦੀ ਬਰਾਮਦ ਸਮੇਤ ਕੁੱਲ ਵਾਹਨ ਵਿਕਰੀ ਜੁਲਾਈ 2022 ’ਚ ਸਾਲਾਨਾ ਆਧਾਰ ’ਤੇ 58 ਫੀਸਦੀ ਵਧ ਕੇ 13,625 ਇਕਾਈ ਹੋ ਗਈ। ਅਸ਼ੋਕ ਲੇਲੈਂਡ ਨੇ ਕਿਹਾ ਕਿ ਹਲਕੇ ਕਮਰਸ਼ੀਅਲ ਵਾਹਨ (ਐੱਲ. ਸੀ. ਵੀ.) ਸੈਗਮੈਂਟ ਦੀ ਵਿਕਰੀ ਵੀ ਪਿਛਲੇ ਮਹੀਨੇ 13 ਫੀਸਦੀ ਵਧ ਕੇ 5,477 ਇਕਾਈ ਹੋ ਗਈ। ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ ਉਸ ਦੀ ਕੁੱਲ ਵਿਕਰੀ 56 ਫੀਸਦੀ ਤੋਂ ਜ਼ਿਆਦਾ ਵਧ ਕੇ 12,715 ਇਕਾਈ ’ਤੇ ਪਹੁੰਚ ਗਈ ਜੋ ਜੁਲਾਈ 2021 ’ਚ 8129 ਇਕਾਈ ਰਹੀ ਸੀ।


author

Harinder Kaur

Content Editor

Related News