ਸਚਿਨ ਤੇ ਬਿੰਨੀ ਬਾਂਸਲ ਨੂੰ ਆਮਦਨ ਕਰ ਵਿਭਾਗ ਦਾ ਨੋਟਿਸ
Thursday, Nov 22, 2018 - 11:11 AM (IST)

ਨਵੀਂ ਦਿੱਲੀ — ਆਮਦਨ ਕਰ ਵਿਭਾਗ ਨੇ ਫਲਿੱਪਕਾਰਟ ਦੇ ਬਾਨੀ ਬਿੰਨੀ ਅਤੇ ਸਚਿਨ ਬੰਸਲ ਨੂੰ ਨੋਟਿਸ ਜਾਰੀ ਕੀਤਾ ਹੈ। ਆਈ.ਟੀ. ਨੋਟਿਸ 'ਚ ਦੋਵਾਂ ਨੂੰ ਆਪਣੀ ਕੰਪਨੀ(ਵਾਲਮਾਰਟ ਇੰਟਰਨੈਸ਼ਨਲ) ਨੂੰ ਵੇਚਣ ਕਾਰਨ ਹੋਈ ਕੁੱਲ ਆਮਦਨ ਅਤੇ ਕੈਪੀਟਲ ਗੇਨ ਦਾ ਖੁਲਾਸਾ ਕਰਨ ਲਈ ਕਿਹਾ ਗਿਆ ਹੈ।
ਆਮਦਨ ਕਰ ਵਿਭਾਗ ਨੇ ਬਿੰਨੀ ਅਤੇ ਸਚਿਨ ਤੋਂ ਇਲਾਵਾ ਫਲਿੱਪਕਾਰਟ 'ਚ ਹਿੱਸੇਦਾਰੀ ਵਾਲੇ 35 ਹੋਰ ਸਟੈਕਹੋਲਡਰ ਨੂੰ ਵੀ ਅਜਿਹਾ ਹੀ ਨੋਟਿਸ ਭੇਜਿਆ ਹੈ। ਜ਼ਿਕਰਯੋਗ ਹੈ ਕਿ 9 ਮਈ ਨੂੰ ਵਾਲਮਾਰਟ ਇੰਟਰਨੈਸ਼ਨਲ ਹੋਲਡਿੰਗ ਅਤੇ ਫਲਿੱਪਕਾਰਟ ਵਿਚਕਾਰ ਸ਼ੇਅਰ ਖਰੀਦ ਸਮਝੌਤੇ 'ਤੇ ਦਸਤਖਤ ਹੋਏ ਸਨ। ਡੀਲ ਦੇ ਮੁਤਾਬਕ ਵਾਲਮਾਰਟ ਨੇ ਫਲਿੱਪਕਾਰਟ ਦੇ 77 ਫੀਸਦੀ ਸ਼ੇਅਰਾਂ ਨੂੰ ਕਰੀਬ 16 ਅਰਬ ਡਾਲਰ ਵਿਚ ਖਰੀਦਿਆ ਸੀ। ਇਸ ਤੋਂ ਪਹਿਲਾਂ ਆਈ.ਟੀ. ਨੇ ਵਾਲਮਾਰਟ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਕੋਲੋਂ ਫਲਿੱਪਕਾਰਟ ਦੇ 46 ਸ਼ੇਅਰਹੋਲਡਰਾਂ ਬਾਰੇ ਵੇਰਵੇ ਦੀ ਮੰਗ ਕੀਤੀ ਸੀ ਅਤੇ ਪੁੱਛਿਆ ਸੀ ਕਿ ਇਸ ਡੀਲ ਨਾਲ ਇਨ੍ਹਾਂ ਸ਼ੇਅਰ ਹੋਲਡਰਾਂ ਨੂੰ ਕਿੰਨਾ ਲਾਭ ਹੋਇਆ ਹੈ।
ਬਿੰਨੀ ਅਤੇ ਸਚਿਨ ਬਾਂਸਲ ਨੂੰ ਆਈ.ਟੀ. ਦਾ ਨੋਟਿਸ 18 ਅਕਤੂਬਰ ਨੂੰ ਭੇਜਿਆ ਗਿਆ ਸੀ। ਸੂਤਰਾਂ ਮੁਤਾਬਕ ਦੋਵਾਂ ਨੇ ਅਜੇ ਤੱਕ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਭਾਰਤੀ ਸ਼ੇਅਰ ਹੋਲਡਰਾਂ ਦੇ ਜਵਾਬ ਆਉਣੇ ਸ਼ੁਰੂ ਹੋ ਗਏ ਹਨ।
ਆਈ.ਟੀ. ਨੋਟਿਸ ਤੋਂ ਬਾਅਦ ਵਾਲਮਾਰਟ ਨੇ ਇਨਕਮ ਟੈਕਸ ਵਿਭਾਗ 'ਚ ਵਿਦਹੋਲਡਿੰਗ ਟੈਕਸ ਦੇ ਤੌਰ 'ਤੇ 7,439 ਕਰੋੜ ਰੁਪਏ ਜਮ੍ਹਾ ਕਰਵਾਏ ਸਨ। ਇਸ ਵਿਦਹੋਲਡਿੰਗ ਟੈਕਸ ਤੋਂ ਅਸੰਤੁਸ਼ਟ ਵਿਭਾਗ ਨੇ ਵਾਲਮਾਰਟ ਇੰਟਰਨੈਸ਼ਨਲ ਨੂੰ ਫਿਰ ਤੋਂ ਨੋਟਿਸ ਭੇਜ ਕੇ ਪੁੱਛਿਆ ਹੈ ਕਿ ਹਰੇਕ ਸ਼ੇਅਰਹੋਲਡਰ ਨੂੰ ਕੀਤੇ ਗਏ ਭੁਗਤਾਨ ਦਾ ਕਿੰਨਾ ਟੈਕਸ ਕੱਟਿਆ ਗਿਆ ਹੈ।