IT ਸੇਵਾ ਖੇਤਰ ਦਾ ਆਮਦਨ ਵਾਧਾ 2023-24 ’ਚ ਘਟ ਕੇ ਤਿੰਨ ਫੀਸਦੀ ਰਹਿ ਜਾਏਗਾ : ਇਕਰਾ

08/29/2023 6:22:42 PM

ਮੁੰਬਈ (ਭਾਸ਼ਾ) – ਭਾਰਤੀ ਆਈ. ਟੀ. ਸੇਵਾ ਖੇਤਰ ਦਾ ਆਮਦਨ ਵਾਧਾ ਵਿੱਤੀ ਸਾਲ ਵਿਚ ਘਟ ਕੇ ਤਿੰਨ ਫੀਸਦੀ ਰਹਿ ਜਾਏਗਾ ਜੋ ਪਿਛਲੇ ਵਿੱਤੀ ਸਾਲ ਵਿਚ 9.2 ਫੀਸਦੀ ਸੀ। ਘਰੇਲੂ ਰੇਟਿੰਗ ਕੰਪਨੀ ਇਕਰਾ ਰੇਟਿੰਗਸ ਨੇ ਮੰਗਲਵਾਰ ਨੂੰ ਇਹ ਅਨੁਮਾਨ ਲਗਾਇਆ। ਰੇਟਿੰਗ ਏਜੰਸੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2023-24 ਵਿਚ ਖੇਤਰ ਦੇ ਮੁਨਾਫੇ ਵਿਚ ਵੀ ਗਿਰਾਵਟ ਹੋਵੇਗੀ ਅਤੇ ਸੰਚਾਲਨ ਲਾਭ ਮੁਨਾਫਾ ਇਕ ਫੀਸਦੀ ਤੱਕ ਘੱਟ ਹੋ ਕੇ 20-21 ਫੀਸਦੀ ਰਹਿ ਜਾਏਗਾ।

ਇਕਰਾ ਨੇ ਮੰਗ ਵਿਚ ਨਰਮੀ ਨੂੰ ਮੰਦੀ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਆਮਦਨ ਵਾਧਾ ਵਿੱਤੀ ਸਾਲ 2022-23 ਵਿਚ ਦਰਜ 9.2 ਫੀਸਦੀ ਤੋਂ ਘਟ ਕੇ 2023-24 ਵਿਚ 3-5 ਫੀਸਦੀ ਰਹਿ ਜਾਏਗਾ। ਏਜੰਸੀ ਦੇ ਆਈ. ਟੀ. ਸੇਵਾ ਖੇਤਰ ਦੇ ਮੁਖੀ ਦੀਪਕ ਜੋਤਵਾਨੀ ਨੇ ਕਿਹਾ ਕਿ ਆਈ. ਟੀ. ਕੰਪਨੀਆਂ ਲਈ ਪ੍ਰਮੁੱਖ ਬਾਜ਼ਾਰਾਂ ਵਿਚ ‘ਲਗਾਤਾਰ ਅਨਿਸ਼ਚਿਤਤਾ’ ਬਣੀ ਹੋਈ ਹੈ, ਜਿਸ ਕਾਰਨ ਗੈਰ-ਅਹਿਮ ਯੋਜਨਾਵਾਂ ਵਿਚ ਰੁਕਾਵਟ ਜਾਰੀ ਹੈ।

ਉਨ੍ਹਾਂ ਨੇ ਦੱਸਿਆ ਕਿ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ, ਪ੍ਰਚੂਨ, ਤਕਨਾਲੋਜੀ ਅਤੇ ਸੰਚਾਰ ਵਰਗੇ ਪ੍ਰਮੁੱਖ ਖੇਤਰਾਂ ਵਲੋਂ ਅਖਤਿਆਰੀ ਆਈ. ਟੀ. ਖਰਚੇ ’ਚ ਕਮੀ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ ਅਮਰੀਕਾ ਅਤੇ ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਆਰਥਿਕ ਰੁਕਾਵਟਾਂ ਕਾਰਨ ਭਾਰਤੀ ਆਈ. ਟੀ. ਸੇਵਾ ਕੰਪਨੀਆਂ ਦੇ ਵਾਧੇ ਵਿਚ 2022-23 ਦੀ ਤੀਜੀ ਤਿਮਾਹੀ ਤੋਂ 2023-24 ਦੀ ਪਹਿਲੀ ਤਿਮਾਹੀ ਦਰਮਿਆਨ ਤੇਜ਼ ਗਿਰਾਵਟ ਹੋਈ ਹੈ। ਚਾਲੂ ਵਿੱਤੀ ਸਾਲ ਦੇ ਅਖੀਰ ਵਿਚ ਹਾਲਾਤ ਕੁੱਝ ਬਿਹਤਰ ਹੋਣ ਦੀ ਉਮੀਦ ਹੈ। ਇਕਰਾ ਨੇ ਕਿਹਾ ਕਿ ਵਿਕਾਸ ਵਿਚ ਕਮੀ ਕਾਰਨ ਪਿਛਲੀਆਂ ਤਿੰਨ ਤਿਮਾਰੀਆਂ ਵਿਚ ਭਰਤੀਆਂ ਵਿਚ ਜ਼ਿਕਰਯੋਗ ਕਮੀ ਆਈ ਹੈ ਅਤੇ ਇਹ ਰੁਝਾਨ ਨੇੜਲੀ ਮਿਆਦ ’ਚ ਵੀ ਜਾਰੀ ਰਹੇਗਾ।


Harinder Kaur

Content Editor

Related News