ਜਨਵਰੀ-ਮਾਰਚ ’ਚ 8 ਪ੍ਰਮੁੱਖ ਸ਼ਹਿਰਾਂ ’ਚ ਆਫਿਸ ਸਪੇਸ ਦੀ ਮੰਗ 25 ਫੀਸਦੀ ਵਧੀ
Thursday, Apr 07, 2022 - 02:27 PM (IST)
ਨਵੀਂ ਦਿੱਲੀ (ਭਾਸ਼ਾ) – ਕੰਪਨੀਆਂ ਦੀ ਮੰਗ ’ਚ ਸੁਧਾਰ ਕਾਰਨ ਜਨਵਰੀ-ਮਾਰਚ ਦੀ ਤਿਮਾਹੀ ਦੌਰਾਨ ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ ’ਚ ਆਫਿਸ ਸਪੇਸ ਦੀ ਮੰਗ 25 ਫੀਸਦੀ ਵਧ ਕੇ 1.08 ਕਰੋੜ ਵਰਗ ਫੁੱਟ ਹੋ ਗਈ ਜਦ ਕਿ ਇਸ ਦੌਰਾਨ ਨਵੀਂ ਸਪਲਾਈ ’ਚ 13 ਫੀਸਦੀ ਦੇ ਉਛਾਲ ਨਾਲ 1.19 ਕਰੋੜ ਵਰਗ ਫੁੱਟ ’ਤੇ ਪਹੁੰਚ ਗਈ। ਨਾਈਟ ਫ੍ਰੈਂਕ ਇੰਡੀਆ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ ਜਨਵਰੀ-ਮਾਰਚ ਦੀ ਤਿਮਾਹੀ ’ਚ ਬੇਂਗਲੁਰੂ ’ਚ ਲੀਜ਼ ’ਤੇ ਆਫਿਸ ਸਪੇਸ ਦੀ ਮੰਗ 5 ਫੀਸਦੀ ਵਧ ਕੇ 35 ਲੱਖ ਵਰਗ ਫੁੱਟ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 33 ਲੱਖ ਵਰਗ ਫੁੱਟ ਸੀ।
ਦਿੱਲੀ-ਐੱਨ. ਸੀ. ਆਰ. ’ਚ ਦਫਤੀ ਸਪੇਸ ਦੀ ਮੰਗ ’ਚ 37 ਫੀਸਦੀ ਦਾ ਵਾਧਾ ਹੋਇਆ ਅਤੇ ਇਹ 17 ਲੱਖ ਵਰਗ ਤੋਂ ਵਧ ਕੇ 23 ਲੱਖ ਵਰਗ ਫੁੱਟ ’ਤੇ ਪਹੁੰਚ ਗਿਆ। ਹੈਦਰਾਬਾਦ ’ਚ ਦਫਤਰੀ ਸਪੇਸ ਦੀ ਮੰਗ ’ਚ 72 ਫੀਸਦੀ ਦਾ ਉਛਾਲ ਆਇਆ ਅਤੇ ਇਹ 9 ਲੱਖ ਵਰਗ ਫੁੱਟ ਦੇ ਮੁਕਾਬਲੇ 16 ਲੱਖ ਵਰਗ ਫੁੱਟ ’ਤੇ ਪਹੁੰਚ ਗਿਆ। ਉੱਥੇ ਹੀ ਚੇਨਈ ’ਚ ਆਫਿਸ ਸਪੇਸ ਦੀ ਮੰਗ ਦੁੱਗਣੀ ਤੋਂ ਜ਼ਿਆਦਾ ਵਧ ਕੇ 10 ਲੱਖ ਵਰਗ ਫੁੱਟ ’ਤੇ ਪਹੁੰਚ ਗਈ। ਅਹਿਮਦਾਬਾਦ ’ਚ ਆਫਿਸ ਸਪੇਸ ਦੀ ਮੰਗ 2 ਲੱਖ ਵਰਗ ਫੁੱਟ ਤੋਂ ਵਧ ਕੇ 5 ਲੱਖ ਵਰਗ ਫੁੱਟ ’ਤੇ ਪਹੁੰਚ ਗਈ। ਪੁਣੇ ’ਚ ਆਫਿਸ ਸਪੇਸ ਦੀ ਮੰਗ 8 ਲੱਖ ਵਰਗ ਫੁੱਟ ਤੋਂ 15 ਫੀਸਦੀ ਵਧ ਕੇ 9 ਲੱਖ ਵਰਗ ਫੁੱਟ ਹੋ ਗਈ ਜਦ ਕਿ ਕੋਲਕਾਤਾ ’ਚ ਇਹ 9 ਫੀਸਦੀ ਦੇ ਵਾਧੇ ਨਾਲ 1 ਲੱਖ ਵਰਗ ਫੁੱਟ ਰਹੀ।
ਹਾਲਾਂਕਿ ਮੁੰਬਈ ’ਚ ਆਫਿਸ ਸਪੇਸ ਦੀ ਮੰਗ ’ਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ’ਚ 24 ਫੀਸਦੀ ਦੀ ਗਿਰਾਵਟ ਆਈ ਅਤੇ ਇਹ 12 ਲੱਖ ਵਰਗ ਫੁੱਟ ਤੋਂ ਘਟ ਕੇ 9 ਲੱਖ ਵਰਗ ਫੁੱਟ ਰਹਿ ਗਈ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਖਿਲਾਫ ਇਕ ਮਜ਼ਬੂਤ ਟੀਕਾਕਰਨ ਮੁਹਿੰਮ ਰਾਹੀਂ ਸਮਰਥਿਤ ਦੇਸ਼ ਆਮ ਵਰਗੀ ਸਥਿਤੀ ’ਚ ਪਰਤ ਆਇਆ ਹੈ। ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਹੁੰਦਾ ਦੇਖ ਉਨ੍ਹਾਂ ਨੂੰ ਉਮੀਦ ਹੈ ਕਿ ਆਫਿਸ ਸੈਗਮੈਂਟ ਅਗਲੀਆਂ ਕੁੱਝ ਤਿਮਾਹੀਆਂ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ।