10 ਸਾਲਾਂ ’ਚ ਕਦੇ ਘਾਟੇ ’ਚ ਨਹੀਂ ਰਹੀ ਸਭ ਤੋਂ ਵੱਡੀ ਤੇਲ ਰਿਫਾਈਨਰੀ ਕੰਪਨੀ

Monday, Mar 09, 2020 - 01:23 AM (IST)

ਨਵੀਂ ਦਿੱਲੀ(ਇੰਟ.)-ਦੇਸ਼ ’ਚ ਸਭ ਤੋਂ ਵੱਡੀ ਨਿੱਜੀਕਰਨ ਪਹਿਲ ਤਹਿਤ ਕੇਂਦਰ ਸਰਕਾਰ ਨੇ 7 ਮਾਰਚ ਨੂੰ ਦੂਜੀ ਸਭ ਤੋਂ ਵੱਡੀ ਤੇਲ ਰਿਫਾਈਨਰੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ’ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਵੇਚਣ ਲਈ ਬੋਲੀਆਂ ਮੰਗੀਆਂ। ਹਾਲਾਂਕਿ ਬੀ. ਪੀ. ਸੀ. ਐੱਲ. ਇਕ ਅਜਿਹੀ ਕੰਪਨੀ ਹੈ, ਜਿਸ ਨੂੰ ਪਿਛਲੇ 10 ਸਾਲਾਂ ’ਚ ਕੋਈ ਘਾਟਾ ਨਹੀਂ ਹੋਇਆ। ਕੰਪਨੀ ਨੇ ਪਿਛਲੇ ਇਕ ਦਹਾਕੇ ’ਚ ਲਗਾਤਾਰ ਲਾਭ ਕਮਾਇਆ ਹੈ ਅਤੇ ਇਸ ਦੀ ਆਮਦਨ ’ਚ ਵੀ ਕਾਫੀ ਵਾਧਾ ਹੋਇਆ ਹੈ। ਲੱਗਦਾ ਹੈ ਸਰਕਾਰ ਲਾਭ ਕਮਾਉਣ ਵਾਲੀਆਂ ਕੰਪਨੀਆਂ ਨੂੰ ਵੇਚਣ ’ਤੇ ਤੁਲੀ ਹੋਈ ਹੈ।

ਅੰਕੜਿਆਂ ਮੁਤਾਬਕ ਮਾਰਚ 2010 ’ਚ ਬੀ. ਪੀ. ਸੀ. ਐੱਲ. ਨੂੰ 1,21,407.18 ਕਰੋਡ਼ ਰੁਪਏ ਦੀ ਆਮਦਨ ਹੋਈ, ਜੋ 2011 ’ਚ ਵਧ ਕੇ 1,53,260.81 ਕਰੋਡ਼ ਰੁਪਏ ਹੋ ਗਈ। ਕੰਪਨੀ ਨੂੰ ਇਸੇ ਤਰ੍ਹਾਂ 2012 ’ਚ 2,13,674.75 ਕਰੋਡ਼ ਰੁਪਏ, 2013 ’ਚ 2,41,795.98 ਕਰੋਡ਼, 2014 ’ਚ 2,61,529.19 ਕਰੋਡ਼, 2015 ’ਚ 2,40,286.86 ਕਰੋਡ਼, 2016 ’ਚ 1,91,315.49 ਕਰੋਡ਼, 2017 ’ਚ 2,04,811.25 ਕਰੋਡ਼, 2018 ’ਚ 2,39,332.51 ਕਰੋਡ਼ ਅਤੇ ਮਾਰਚ 2019 ’ਚ ਬੀ. ਪੀ. ਸੀ. ਐੱਲ. ਦੀ ਆਮਦਨ ਵਧ ਕੇ ਰਿਕਾਰਡ 3,00,258.65 ਕਰੋਡ਼ ਰੁਪਏ ਤੱਕ ਪਹੁੰਚ ਗਈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਪਿਛਲੇ 10 ਸਾਲਾਂ ਦੀ ਬੈਲੇਂਸਸ਼ੀਟ ਨੂੰ ਆਧਾਰ ਮੰਨੀਏ ਤਾਂ ਜਿਸ ਕੋਲ ਵੀ ਇਸ ਕੰਪਨੀ ਦੀ ਮਲਕੀਅਤ ਹੋਵੇਗੀ, ਉਸ ਦੀ ਚਾਂਦੀ ਹੋਣ ਵਾਲੀ ਹੈ।

ਲਾਭ ’ਚ ਰਿਕਾਰਡ 5 ਗੁਣਾ ਦਾ ਵਾਧਾ
ਪਿਛਲੇ 10 ਸਾਲਾਂ ’ਚ ਕੰਪਨੀ ਦੇ ਲਾਭ ਦੀ ਗੱਲ ਕਰੀਏ ਤਾਂ ਇਸ ’ਚ ਵੀ ਰਿਕਾਰਡ 5 ਗੁਣਾ ਤੱਕ ਦਾ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਮਾਰਚ 2010 ’ਚ ਕੰਪਨੀ ਨੂੰ 1,537.62 ਕਰੋਡ਼ ਰੁਪਏ ਦਾ ਲਾਭ ਹੋਇਆ, ਜੋ ਮਾਰਚ 2019 ’ਚ ਵਧ ਕੇ 7,132.02 ਕਰੋਡ਼ ਰੁਪਏ ਤੱਕ ਪਹੁੰਚ ਗਿਆ। ਅੰਕੜਿਆਂ ’ਤੇ ਗੌਰ ਕਰੀਏ ਤਾਂ 10 ਸਾਲ ਦੇ ਅੰਤਰਾਲ ’ਚ ਬੀ. ਪੀ. ਸੀ. ਐੱਲ. ਨੂੰ ਕਰੀਬ 5 ਗੁਣਾ ਤੱਕ ਲਾਭ ਹੋਇਆ। ਲਾਭ ਦੇ ਅੰਕੜੇ ਸਾਲ ਦੇ ਕ੍ਰਮ ’ਚ ਵੇਖੋ ਤਾਂ ਮਾਰਚ 2011 ’ਚ ਭਾਰਤ ਪੈਟਰੋਲੀਅਮ ਨੂੰ 1,546.68 ਕਰੋਡ਼, 2012 ’ਚ 1,311.27 ਕਰੋਡ਼, 2013 ’ਚ 2,642.90 ਕਰੋਡ਼, 2014 ’ਚ 4,060.88 ਕਰੋਡ਼, 2015 ’ਚ 5,084.51 ਕਰੋਡ਼, 2016 ’ਚ 7,431.88 ਕਰੋਡ਼, 2017 ’ਚ 8,039.30 ਕਰੋਡ਼, 2018 ’ਚ 7,976.30 ਕਰੋਡ਼ ਅਤੇ ਮਾਰਚ 2019 ’ਚ 7,132.02 ਕਰੋਡ਼ ਰੁਪਏ ਦਾ ਲਾਭ ਹੋਇਆ।

2 ਮਈ ਤੱਕ ਸੌਂਪੇ ਜਾ ਸਕਦੇ ਹਨ ਰੁਚੀ ਪੱਤਰ
ਦੱਸ ਦੇਈਏ ਕਿ ਨਿਵੇਸ਼ ਅਤੇ ਲੋਕ ਜਾਇਦਾਦ ਪ੍ਰਬੰਧਨ ਵਿਭਾਗ (ਡੀ. ਆਈ. ਪੀ. ਏ. ਐੱਮ.) ਦੇ ਬੋਲੀ ਦਸਤਾਵੇਜ਼ ਮੁਤਾਬਕ ਬੀ. ਪੀ. ਸੀ. ਐੱਲ. ਦੀ ਰਣਨੀਤਕ ਵਿਕਰੀ ਲਈ 2 ਮਈ ਤੱਕ ਰੁਚੀ ਪੱਤਰ ਸੌਂਪੇ ਜਾ ਸਕਦੇ ਹਨ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਬੀ. ਪੀ. ਸੀ. ਐੱਲ. ਵਿਚ ਆਪਣੀ ਪੂਰੀ ਸ਼ੇਅਰਹੋਲਡਿੰਗ ਦੇ ਰਣਨੀਤਕ ਵਿਨਿਵੇਸ਼ ਦਾ ਪ੍ਰਸਤਾਵ ਕਰ ਰਹੀ ਹੈ। ਇਸ ’ਚ 114.91 ਕਰੋਡ਼ ਇਕਵਿਟੀ ਸ਼ੇਅਰ ਸ਼ਾਮਲ ਹਨ, ਜੋ ਬੀ. ਪੀ. ਸੀ. ਐੱਲ. ਦੀ ਕੁਲ ਇਕਵਿਟੀ ਪੂੰਜੀ ਦਾ 52.98 ਫੀਸਦੀ ਹੈ। ਇਸ ਦੇ ਨਾਲ ਹੀ ਕੰਪਨੀ ਦਾ ਪ੍ਰਬੰਧ ਕੰਟਰੋਲ ਵੀ ਰਣਨੀਤਕ ਖਰੀਦਦਾਰ ਦੇ ਹਵਾਲੇ ਕੀਤਾ ਜਾਵੇਗਾ। ਇਸ ਵਿਨਿਵੇਸ਼ ਪ੍ਰਸਤਾਵ ’ਚ ਨੁਮਾਲੀਗੜ੍ਹ ਰਿਫਾਈਨਰੀ ਲਿਮਟਿਡ (ਐੱਨ. ਆਰ. ਐੱਲ.) ’ਚ ਬੀ. ਪੀ. ਸੀ. ਐੱਲ. ਦੀ 61.65 ਫੀਸਦੀ ਹਿੱਸੇਦਾਰੀ ਸ਼ਾਮਲ ਨਹੀਂ ਹੈ। ਐੱਨ. ਆਰ. ਐੱਲ. ਦੀ ਇਹ ਹਿੱਸੇਦਾਰੀ ਕਿਸੇ ਜਨਤਕ ਖੇਤਰ ਦੀ ਤੇਲ ਅਤੇ ਗੈਸ ਕੰਪਨੀ ਨੂੰ ਵੇਚੀ ਜਾਵੇਗੀ।


Karan Kumar

Content Editor

Related News