ਕੋਰੋਨਾ ਦਾ ਅਸਰ : ਮਰਸਡੀਜ਼ ਦਾ ਸ਼ੋਅਰੂਮ ਬੰਦ, ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

06/13/2020 8:35:48 PM

ਨਵੀਂ ਦਿੱਲੀ (ਇੰਟ) -ਕੋਰੋਨਾ ਦਾ ਅਸਰ ਲਗਜ਼ਰੀ ਕਾਰਾਂ ’ਤੇ ਦਿਸਣਾ ਸ਼ੁਰੂ ਹੋ ਗਿਆ ਹੈ। ਲਗਜ਼ਰੀ ਕਾਰ ਬਣਾਉਣ ਵਾਲੀ ਦਿੱਗਜ ਕੰਪਨੀ ਮਰਸਡੀਜ਼ ਨੇ ਆਪਣਾ ਸ਼ੋਅਰੂਮ ਕਾਨਪੁਰ ’ਚ ਬੰਦ ਕਰ ਦਿੱਤਾ ਹੈ। ਹੁਣ ਸਿਰਫ ਲਖਨਊ ਤੋਂ ਹੀ ਪੂਰੇ ਉੱਤਰ ਪ੍ਰਦੇਸ਼ (ਯੂ. ਪੀ.) ਦਾ ਬਿਜ਼ਨੈੱਸ ਕਵਰ ਹੋਵੇਗਾ। ਇਸ ਤੋਂ ਪਹਿਲਾਂ ਆਡੀ ਆਪਣਾ ਕਾਰੋਬਾਰ ਸ਼ਹਿਰ ਤੋਂ ਸਮੇਟ ਚੁੱਕੀ ਹੈ।

ਨੋਟਬੰਦੀ ਤੋਂ ਬਾਅਦ ਹੀ ਮਹਿੰਗੀਆਂ ਕਾਰਾਂ ਦਾ ਬਾਜ਼ਾਰ ਹਿਚਕੋਲੇ ਖਾ ਰਿਹਾ ਸੀ ਪਰ ਉਸ ਦੌਰ ਤੋਂ ਕੰਪਨੀਆਂ ਹੌਲੀ-ਹੌਲੀ ਬਾਹਰ ਆ ਰਹੀਆਂ ਸਨ। ਪਿਛਲੇ ਸਾਲ ਕਾਨਪੁਰ ’ਚ 30 ਲੱਖ ਤੋਂ ਉੱਤੇ ਵਾਲੀਆਂ 75 ਤੋਂ ਜ਼ਿਆਦਾ ਕਾਰਾਂ ਵਿਕੀਆਂ ਸਨ ਪਰ ਕੋਰੋਨਾ ਨੇ ਉੱਭਰਣ ਦੀ ਕੋਸ਼ਿਸ਼ ’ਚ ਲੱਗੇ ਬਾਜ਼ਾਰ ’ਤੇ ਅਸਰ ਪਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਪਿਛਲੇ 4 ਮਹੀਨਿਆਂ ’ਚ ਇਕ ਵੀ ਕਾਰ ਨਹੀਂ ਵਿਕੀ। ਰਹਿੰਦੀ ਕਸਰ ਲਾਕਡਾਊਨ ਨੇ ਪੂਰੀ ਕਰ ਦਿੱਤੀ। ਆਖਿਰਕਾਰ ਮਰਸਡੀਜ਼ ਨੇ ਪੀ. ਪੀ. ਐੱਨ. ਮਾਰਕੀਟ ਦੇ ਸਾਹਮਣੇ ਸਥਿਤ ਸ਼ੋਅਰੂਮ ਨੂੰ ਬੰਦ ਕਰ ਦਿੱਤਾ। ਇੱਥੇ ਕੰਮ ਕਰਨ ਵਾਲੇ ਕਰੀਬ 12 ਕਰਮਚਾਰੀਆਂ ਦੀ ਨੌਕਰੀ ਤੋਂ ਛੁੱਟੀ ਕਰ ਦਿੱਤੀ ਗਈ ਹੈ।

ਸ਼ੋਅਰੂਮ ਦੇ ਅਸਿਸਟੈਂਟ ਮੈਨੇਜਰ ਮੋਹੰਮਦ ਤਾਰੀਕ ਨੇ ਦੱਸਿਆ ਕਿ ਕਾਰਾਂ ਨਾ ਵਿਕਣ ਕਾਰਣ ਫਿਲਹਾਲ ਸਾਰੇ ਆਪ੍ਰੇੇਸ਼ਨਜ਼ ਲਖਨਊ ਸ਼ਿਫਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਾਲਾਤ ਸੁਧਰਣ ਤੋਂ ਬਾਅਦ ਹੀ ਦੁਬਾਰਾ ਸ਼ੋਅਰੂਮ ਖੁੱਲ੍ਹਣ ਦੀ ਉਮੀਦ ਹੈ ਪਰ ਕਦੋਂ ਇਸ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ ਹੈ। ਅਸਿਸਟੈਂਟ ਮੈਨੇਜਰ ਨੇ ਦੱਸਿਆ ਕਿ ਹੋਰ ਕਰਮਚਾਰੀਆਂ ਦੇ ਨਾਲ ਉਨ੍ਹਾਂ ਦੀ ਨੌਕਰੀ ਵੀ ਚੱਲੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 50-60 ਲੱਖ ਰੁਪਏ ਦੀ ਕਾਰ ਲੈਣ ਵਾਲਾ ਸੈਗਮੈਂਟ ਅਜੇ ਵੀ ਮੌਜੂਦ ਹੈ ਅਤੇ ਕਈ ਕਾਲ ’ਤੇ ਉਹ ਅਤੇ ਹੋਰ ਸਾਥੀ ਕੰਮ ਕਰ ਰਹੇ ਸਨ ਪਰ ਅਚਾਨਕ ਸ਼ੋਅਰੂਮ ਬੰਦ ਹੋਣ ਨਾਲ ਸੰਭਾਵਨਾਵਾਂ ਖਤਮ ਹੋ ਗਈਆਂ ਹਨ।


Karan Kumar

Content Editor

Related News