ਇਕਨੌਮਿਕ ਗ੍ਰੋਥ ’ਤੇ IMF ਦਾ ਭਾਰਤ ਨੂੰ ਝਟਕਾ, GDP ਛੇ ਫ਼ੀਸਦੀ ਤੋਂ ਘੱਟ ਰਹਿਣ ਦਾ ਅਨੁਮਾਨ
Wednesday, Apr 12, 2023 - 10:58 AM (IST)

ਨਵੀਂ ਦਿੱਲੀ–ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਨੂੰ ਆਰਥਿਕ ਮੋਰਚੇ ’ਤੇ ਝਟਕਾ ਦਿੰਦੇ ਹੋਏ ਕਿਹਾ ਕਿ ਮੌਜੂਦਾ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ 6 ਫ਼ੀਸਦੀ ਤੋਂ ਘੱਟ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਆਈ. ਐੱਮ. ਐੱਫ. ਨੇ ਇਹ ਅਨੁਮਾਨ 6.1 ਫ਼ੀਸਦੀ ਦਾ ਲਗਾਇਆ ਸੀ ਜੋ ਘਟਾ ਕੇ 5.9 ਫ਼ੀਸਦੀ ਕਰ ਦਿੱਤਾ ਹੈ। ਆਈ. ਐੱਮ. ਐੱਫ. ਦਾ ਕਹਿਣਾ ਹੈ ਕਿ ਰੂਸ-ਯੂਕ੍ਰੇਨ ਜੰਗ ਅਤੇ ਮਹਾਮਾਰੀ ਕਾਰਣ ਕਮਜ਼ੋਰ ਹੋਈ ਵਿੱਤੀ ਹਾਲਤ ਕਾਰਣ ਗਲੋਬਲ ਅਰਥਵਿਵਸਥਾ ਦੀ ਤਸਵੀਰ ਥੋੜ੍ਹੀ ਧੁੰਦਲੀ ਹੋਈ ਹੈ।
ਆਈ. ਐੱਮ. ਐੱਫ. ਨੇ ਆਪਣੇ ਵਰਲਡ ਇਕਨੌਮਿਕ ਆਊਟਲੁੱਕ ’ਚ ਕਿਹਾ ਕਿ ਮਿਡ ਟਰਮ ’ਚ ਵਿਕਾਸ ਦੀਆਂ ਸੰਭਾਵਨਾਵਾਂ ਕਮਜ਼ੋਰ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਆਈ. ਐੱਮ. ਐੱਫ. ਨੇ 2023 ਲਈ ਗਲੋਬਲ ਇਕਨੌਮਿਕ ਗ੍ਰੋਥ ਦੇ ਆਪਣੇ ਅਨੁਮਾਨ ਨੂੰ 2.9 ਫ਼ੀਸਦੀ ਤੋਂ ਘਟਾ ਕੇ 2.8 ਫ਼ੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਜੀ. ਡੀ. ਪੀ. ਅਤੇ ਮਹਿੰਗਾਈ ਦਾ ਅਨੁਮਾਨ
ਜਨਵਰੀ ’ਚ ਕਈ ਲੋਕਾਂ ਨੇ ਭਾਰਤ ਦੀ ਜੀ. ਡੀ. ਪੀ. ਦਾ ਅਨੁਮਾਨ ਵਿੱਤੀ ਸਾਲ 2024 ਵਿਚ 6.1 ਫ਼ੀਸਦੀ ਅਤੇ ਵਿੱਤੀ ਸਾਲ 2025 ਵਿਚ 6.8 ਫ਼ੀਸਦੀ ਵਧਣ ਦੀ ਭਵਿੱਖਬਾਣੀ ਕੀਤੀ ਸੀ। ਵਿੱਤੀ ਸਾਲ 2025 ਲਈ ਹੁਣ ਆਪਣੇ ਅਨੁਮਾਨ ਨੂੰ ਘੱਟ ਕਰ ਕੇ 6.3 ਫ਼ੀਸਦੀ ਕਰ ਦਿੱਤਾ ਗਿਆ ਹੈ।
ਕਟੌਤੀ ਦੇ ਬਾਵਜੂਦ ਭਾਰਤ ਅਗਲੇ 2 ਸਾਲਾਂ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਵੇਗਾ। ਆਈ. ਐੱਮ. ਐੱਫ. ਨੇ ਭਾਰਤ ਦੀ ਮਹਿੰਗਾਈ ਨੂੰ ਚਾਲੂ ਵਿੱਤੀ ਸਾਲ ’ਚ 4.9 ਫ਼ੀਸਦੀ ਰਹਿਣ ਅਤੇ ਅਗਲੇ ਵਿੱਤੀ ਸਾਲ ’ਚ 4.4 ਫ਼ੀਸਦੀ ਤੱਕ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਪਿਛਲੇ ਹਫਤੇ ਵਰਲਡ ਬੈਂਕ ਅਤੇ ਏਸ਼ੀਆਈ ਡਿਵੈੱਲਪਮੈਂਟ ਬੈਂਕ ਨੇ ਵਿੱਤੀ ਸਾਲ 2024 ਲਈ ਭਾਰਤ ਦੇ ਵਿਕਾਸ ਦੇ ਅਨੁਮਾਨ ਨੂੰ ਕ੍ਰਮਵਾਰ : 6.3 ਫ਼ੀਸਦੀ ਅਤੇ 6.4 ਫ਼ੀਸਦੀ ਤੱਕ ਘੱਟ ਕਰ ਦਿੱਤਾ ਸੀ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਆਰ. ਬੀ. ਆਈ. ਨੇ ਲਗਾਇਆ ਸੀ ਇਹ ਅਨੁਮਾਨ
ਭਾਰਤੀ ਰਿਜ਼ਰਵ ਬੈਂਕ ਦੀ ਮਾਨੇਟਰੀ ਪਾਲਿਸੀ ਕਮੇਟੀ ਨੇ ਪਿਛਲੇ ਹਫਤੇ ਫਰਵਰੀ ਦੀ ਬੈਠਕ ’ਚ ਅਨੁਮਾਨਿਤ 6.4 ਫ਼ੀਸਦੀ ਦੀ ਤੁਲਣਾ ’ਚ ਵਿੱਤੀ ਸਾਲ 2024 ਲਈ ਭਾਰਤ ਦੇ ਜੀ. ਡੀ. ਪੀ. ਵਾਧੇ ਦੇ ਅਨੁਮਾਨ ਨੂੰ 6.5 ਫ਼ੀਸਦੀ ਤੱਕ ਵਧਾ ਦਿੱਤਾ।
ਉੱਥੇ ਹੀ ਦੂਜੇ ਪਾਸੇ ਕਮੇਟੀ ਨੇ ਰੇਪੋ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਮਹਿੰਗਾਈ ਦਾ ਅਨੁਮਾਨ 5.2 ਫ਼ੀਸਦੀ ’ਤੇ ਰੱਖਿਆ ਹੈ ਜੋ ਆਈ. ਐੱਮ. ਐੱਫ. ਦੇ ਅਨੁਮਾਨ ਨਾਲੋਂ ਵੱਧ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।