IMF ਨੇ ਟੈਕਸ ਮਾਲੀਆ ਇਕੱਠਾ ਕਰਨ ਦੇ ਮਾਮਲੇ ''ਚ ਭਾਰਤ ਸਰਕਾਰ ਤੋਂ ਪੁੱਛੇ ਸਵਾਲ

08/23/2019 12:38:13 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਸਾਲ 2019-20 ਦੌਰਾਨ ਟੈਕਸ ਮਾਲੀਆ ਇਕੱਠਾ ਕਰਨ ਦੇ ਵੱਡੇ ਅਨੁਮਾਨਾਂ ਅਤੇ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਵਿਵਸਥਾ ਦੀਆਂ ਰੁਕਾਵਟਾਂ ਬਾਰੇ ਭਾਰਤ ਦੇ ਨੀਤੀ ਨਿਰਮਾਤਾਵਾਂ ਕੋਲੋਂ ਸਵਾਲ ਪੁੱਛੇ ਹਨ। IMF ਭਾਰਤ ਦੀ ਸਾਲਾਨਾ ਆਰਥਿਕ ਨਿਗਰਾਨੀ ਯਾਨੀ ਕਿ ਮੁਲਾਂਕਣ ਰਿਪੋਰਟ ਤਿਆਰ ਕਰ ਰਿਹਾ ਹੈ। ਇਸ ਮਾਮਲੇ 'ਚ ਇਸਨੇ ਭਾਰਤ ਨੂੰ ਪੁੱਛਿਆ ਹੈ ਕਿ ਉਹ ਅਰਥ ਵਿਵਸਥਾ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮਾਲੀਏ ਦੇ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਇੰਨਾ ਭਰੋਸਾ ਕਿਵੇਂ ਰੱਖਦਾ ਹੈ। ਅੰਤਰਿਮ ਬਜਟ ਦੇ ਮੁਕਾਬਲੇ ਜੁਲਾਈ ਵਿਚ ਆਮ ਬਜਟ ਵਿਚ ਟੈਕਸ ਦੇ ਅਨੁਮਾਨਾਂ ਵਿਚ ਕਟੌਤੀ ਕੀਤੀ ਗਈ ਸੀ, ਪਰ ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 25 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਸੀ। ਸਾਲ 2018-19 ਵਿਚ ਕੁੱਲ ਅਸਲ (ਸਿੱਧੇ ਅਤੇ ਅਸਿੱਧੇ) ਟੈਕਸ ਕੁਲੈਕਸ਼ਨ ਸੋਧੇ ਹੋਏ ਅਨੁਮਾਨ ਨਾਲੋਂ 1.7 ਲੱਖ ਕਰੋੜ ਰੁਪਏ ਯਾਨੀ 7.5 ਫੀਸਦੀ ਘੱਟ ਰਿਹਾ ਸੀ। ਇਸ ਸਾਲ ਆਰਥਿਕ ਮੰਦੀ ਕਾਰਨ ਟੈਕਸ ਕੁਲੈਕਸ਼ਨ ਦੀ ਚੁਣੌਤੀ ਵਧ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ, 'ਆਰਥਿਕ ਮੰਦੀ ਟੈਕਸ ਮਾਲੀਆ ਉਗਰਾਹੀ ਨੂੰ ਪ੍ਰਭਾਵਤ ਕਰੇਗੀ, ਜਿਸਦੀ ਪਹਿਲਾਂ ਤੋਂ ਬਹੁਤ ਉਮੀਦ ਕੀਤੀ ਜਾ ਰਹੀ ਹੈ।'

ਇਸ ਹਫਤੇ ਦੇਣਾ ਹੋਵੇਗਾ ਜਵਾਬ

ਭਾਰਤ ਨੇ ਇਸੇ ਹਫਤੇ IMF ਨੂੰ ਜਵਾਬ ਦੇਣਾ ਹੈ। IMF ਵੱਖ-ਵੱਖ ਅਰਥਵਿਵਸਥਾਵਾਂ ਅਤੇ ਉਨ੍ਹਾਂ ਨਾਲ ਜੁੜੀਆਂ ਵਿਵਸਥਾਵਾਂ 'ਤੇ ਨਜ਼ਰ ਰੱਖਣ ਦਾ ਕੰਮ ਵੀ ਕਰਦਾ ਹੈ ਤਾਂ ਜੋ ਉਨ੍ਹਾਂ ਕਮਜ਼ੋਰੀਆਂ ਦੀ ਪਛਾਣ ਕੀਤੀ ਜਾ ਸਕੇ ਜਿਨ੍ਹਾਂ ਨਾਲ ਵਿੱਤੀ ਅਤੇ ਆਰਥਿਕ ਅਸਥਿਰਤਾ ਪੈਦਾ ਹੋ ਸਕਦੀ ਹੈ। IMF ਦੇ ਸੰਵਿਧਾਨ ਦੇ ਮੁਤਾਬਕ ਉਨ੍ਹਾਂ ਦੇ ਅਰਥਸ਼ਾਸਤਰੀਆਂ ਦੀ ਇਕ ਟੀਮ ਮੈਂਬਰ ਦੇਸ਼ ਦਾ ਦੌਰਾ ਕਰਦੀ ਹੈ ਅਤੇ ਉਥੋਂ ਦੀਆਂ ਆਰਥਿਕ ਅਤੇ ਵਿੱਤੀ ਗਤੀਵਿਧਿਆਂ ਦਾ ਮੁਲਾਂਕਣ ਕਰਦੀ ਹੈ। ਇਸ ਤੋਂ ਇਲਾਵਾ ਇਹ ਟੀਮ ਉਸ ਦੇਸ਼ ਦੀ ਆਰਥਿਕ ਅਤੇ ਵਿੱਤੀ ਗਤੀਵਿਧਿਆਂ ਬਾਰੇ ਉਥੋਂ ਦੀ ਸਰਕਾਰ ਅਤੇ ਕੇਂਦਰੀ ਬੈਂਕ ਦੇ ਅਧਿਕਾਰੀਆਂ ਨਾਲ ਚਰਚਾ ਵੀ ਕਰਦੀ ਹੈ। ਇਹ ਕੰਮ ਹਰ ਸਾਲ ਹੁੰਦਾ ਹੈ। 

ਰਿਜ਼ਰਵ ਬੈਂਕ ਦਾ ਅਨੁਮਾਨ

ਆਪਣੀ ਤਾਜ਼ਾ ਮੁਦਰਾ ਸਮੀਖਿਆ ਨੀਤੀ 'ਚ ਰਿਜ਼ਰਵ ਬੈਂਕ ਨੇ 2019-20 'ਚ GDP ਵਾਧਾ ਦਰ ਦੇ 6.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ ਜਦੋਂਕਿ ਜੂਨ 'ਚ ਇਸ ਦੇ 7 ਫੀਸਦੀ ਰਹਿਣ ਦੀ ਗੱਲ ਕਹੀ ਸੀ। ਮੰਗ ਅਤੇ ਨਿਵੇਸ਼ 'ਚ ਸੁਸਤੀ ਦੇ ਕਾਰਨ ਕੇਂਦਰੀ ਬੈਂਕ ਨੇ ਆਪਣੇ ਅੰਦਾਜ਼ੇ 'ਚ ਕਟੌਤੀ ਕੀਤੀ ਹੈ। IMF  ਨੇ ਵੀ ਉਮੀਦ ਤੋਂ ਘੱਟ ਘਰੇਲੂ ਮੰਗ ਦੇ ਕਾਰਨ ਪਿਛਲੇ ਮਹੀਨੇ ਮੌਜੂਦਾ ਅਤੇ ਅਗਲੇ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ 'ਚ 30 ਆਧਾਰ ਅੰਕ ਦੀ ਕਟੌਤੀ ਕੀਤੀ ਸੀ। ਉਸਨੇ ਮੌਜੂਦਾ ਵਿੱਤੀ ਸਾਲ ਲਈ ਇਸ ਨੂੰ 7 ਫੀਸਦੀ ਅਤੇ ਅਗਲੇ ਵਿੱਤੀ ਸਾਲ ਲਈ 7.2 ਫੀਸਦੀ ਕਰ ਦਿੱਤਾ ਸੀ। ਏਸ਼ਿਆਈ ਵਿਕਾਸ ਬੈਂਕ ਨੇ ਵੀ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7 ਫੀਸਦੀ ਕਰ ਦਿੱਤਾ ਸੀ।


Related News