ਇਲਕਰ ਆਯਚੀ ਸੰਭਾਲਣਗੇ ਏਅਰ ਇੰਡੀਆ ਦੇ CEO ਵਜੋਂ ਅਹੁਦਾ , ਤੁਰਕੀ ਏਅਰਲਾਈਨਜ਼ ਵਿੱਚ ਕਰ ਚੁੱਕੇ ਹਨ ਕੰਮ
Tuesday, Feb 15, 2022 - 12:38 PM (IST)
ਨਵੀਂ ਦਿੱਲੀ (ਇੰਟ.) – ਟਾਟਾ ਸੰਨਜ਼ ਨੇ ਇਲਕਰ ਆਇਸੀ ਨੂੰ ਏਅਰ ਇੰਡੀਆ ਦੇ ਸੀ. ਈ. ਓ. ਅਤੇ ਐੱਮ. ਡੀ. ਵਜੋਂ ਨਾਮਜ਼ਦ ਕੀਤਾ ਹੈ। ਇਲਕਰ ਆਇਸੀ ਹਾਲ ਹੀ ’ਚ ਤੁਰਕੀ ਏਅਰਲਾਈਨਜ਼ ਦੇ ਚੇਅਰਮੈਨ ਸਨ। ਏਅਰ ਇੰਡੀਆ ਦੇ ਬੋਰਡ ਨੇ ਇਲਕਰ ਆਇਸੀ ਦੇ ਨਾਂ ਨੂੰ ਮਨਜ਼ੂਰੀ ਦੇਣ ਲਈ ਅੱਜ ਸੋਮਵਾਰ ਨੂੰ ਇਕ ਬੈਠਕ ਕੀਤੀ ਸੀ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਵੀ ਇਸ ਬੋਰਡ ਬੈਠਕ ’ਚ ਵਿਸ਼ੇਸ਼ ਸੱਦੇ ਵਜੋਂ ਸ਼ਾਮਲ ਹੋਏ ਸਨ।
ਬੋਰਡ ਨੇ ਉਚਿੱਤ ਵਿਚਾਰ-ਵਟਾਂਦਰੇ ਤੋਂ ਬਾਅਦ ਏਅਰ ਇੰਡੀਆ ਦੇ ਸੀ. ਈ. ਓ. ਅਤੇ ਐੱਮ. ਡੀ. ਵਜੋਂ ਇਲਕਰ ਆਇਸੀ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਹੁਣ ਇਲਕਰ ਆਇਸੀ ਦੇ ਨਾਂ ਨੂੰ ਮਨਜ਼ੂਰੀ ਦੇਣ ਲਈ ਰੈਗੂਲੇਟਰ ਕੋਲ ਭੇਜਿਆ ਜਾਵੇਗਾ।
ਨਿੱਜੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ, ਸਰਕਾਰ ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਸਰਕਾਰੀ ਏਅਰ ਇੰਡੀਆ ਨੂੰ ਟਾਟਾ ਸਮੂਹ ਨੂੰ ਸੌਂਪ ਦਿੱਤਾ ਸੀ। ਟਾਟਾ ਸਮੂਹ ਦੀ ਫਰਮ ਟੇਲਸ ਪ੍ਰਾਈਵੇਟ ਲਿਮਟਿਡ ਨੇ ਏਅਰ ਇੰਡੀਆ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੂੰ 18,000 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।